ਅਜਨਾਲਾ ਅਤੇ ਰਮਦਾਸ ਖੇਤਰਾਂ 'ਚ ਹੜ੍ਹਾਂ ਕਾਰਨ ਤਬਾਹੀ ਲਗਾਤਾਰ ਜਾਰੀ
ਅਜੀਤ ਡੈਸਕ
31-08-2025
ਹਲਕਾ ਵਿਧਾਇਕ ਕੁਲਦੀਪ ਸਿੰਘ ਦਾ ਸਮੁੱਚਾ ਪਰਿਵਾਰ ਦਿਨ ਰਾਤ ਲੋਕਾਂ ਦੀ ਸੇਵਾ ਲਈ ਜੁਟਿਆ
ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਸਮੁੱਚਾ ਪਰਿਵਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਦਿਨ ਰਾਤ ਜੁਟਿਆ ਹੋਇਆ ਹੈ | ਸ. ਧਾਲੀਵਾਲ ਜਿੱਥੇ ਸਾਰਾ ਅਜਨਾਲਾ ਤੇ ਰਮਦਾਸ ਖੇਤਰ ਵਿਚ ਲਗਾਤਾਰ ਜਿੱਥੇ ਅਫ਼ਸਰਾਂ ਅਤੇ ਲੋਕਾਂ ਦੇ ਸੰਪਰਕ ਵਿਚ ਰਹਿੰਦੇ ਹਨ ਉੱਥੇ ਹੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਸੂਚਨਾ ਮਿਲਦੀ ਹੈ ਤਾਂ ਤੁਰੰਤ ਆਪਣੀਆਂ ਟੀਮਾਂ ਨਾਲ ਮੌਕੇ ਤੇ ਪਹੁੰਚ ਉਸ ਦਾ ਮੌਕੇ ਤੇ ਹੱਲ ਕੱਢਦੇ ਹਨ | ਸ. ਧਾਲੀਵਾਲ ਤੋਂ ਇਲਾਵਾ ਉਨ੍ਹਾਂ ਦਾ ਫ਼ਰਜ਼ੰਦ ਖੁਸ਼ਪਾਲ ਸਿੰਘ ਧਾਲੀਵਾਲ ਆਪਣੇ ਸਾਥੀਆਂ ਸਮੇਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਨਜ਼ਦੀਕ ਪਹੁੰਚ ਕੇ ਜਿੱਥੇ ਕਿਸ਼ਤੀਆਂ ਰਾਹੀਂ ਹੜ੍ਹਾਂ 'ਚ ਫਸੇ ਲੋਕਾਂ ਨੂੰ ਰੈਸਕਿਊ ਕਰਨ ਅਤੇ ਲੋਕਾਂ ਤੱਕ ਖਾਣ ਪੀਣ ਵਾਲੀ ਸਮੱਗਰੀ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਰਹਿੰਦਾ ਹੈ ਜਦਕਿ ਨੂੰ ਹ ਅਮਨਦੀਪ ਕੌਰ ਧਾਲੀਵਾਲ ਨੇ ਵੀ ਆਪਣੀ ਟੀਮ ਨਾਲ ਮੋਰਚਾ ਸੰਭਾਲਦੇ ਹੋਏ ਹੜ੍ਹ ਪੀੜਤਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ | ਉਨ੍ਹਾਂ ਦਾ ਪੋਤਰਾ ਵੀ ਆਪਣੇ ਹੱਥੀਂ ਹੜ੍ਹ ਪੀੜਤ ਲੋਕਾਂ ਨੂੰ ਲੰਗਰ ਵਰਤਾਉਣ ਦੀਆਂ ਸੇਵਾਵਾਂ ਨਿਭਾਅ ਰਿਹਾ ਹੈ |
ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਲਈ ਕੇਂਦਰ ਸਰਕਾਰ 5 ਤੋਂ 7 ਹਜਾਰ ਕਰੋੜ ਰੁਪਏ ਦੀ ਵਿਸ਼ੇਸ਼ ਰਾਹਤ ਰਾਸ਼ੀ ਜਾਰੀ ਕਰਨ-ਪ੍ਰਤਾਪ ਸਿੰਘ ਬਾਜਵਾ
ਅਜਨਾਲਾ, ਰਮਦਾਸ, ਗੱਗੋਮਾਹਲ, 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਤੇ ਇਤਿਹਾਸਿਕ ਕਸਬਾ ਰਮਦਾਸ ਅਤੇ ਅਜਨਾਲਾ ਖੇਤਰ ਦੇ ਪਿੰਡਾਂ 'ਚ ਆਏ ਭਿਆਨਕ ਹੜ੍ਹਾਂ ਨਾਲ ਹੋਏ ਨੁਕਸਾਨ ਅਤੇ ਪ੍ਰਭਾਵਿਤ ਲੋਕਾਂ ਲਈ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਰਮਦਾਸ ਅਤੇ ਅਜਨਾਲਾ ਪੁੱਜੇ ਜਿੱਥੇ ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਿਆਂ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਪੰਜਾਬੀਆਂ ਨੂੰ ਕੋਈ ਵੀ ਆਸ ਨਹੀਂ ਹੈ ਕਿਉਂਕਿ ਅੱਜ ਪੰਜਾਬ ਦੀ ਸਥਿਤੀ ਕਾਰਨ ਵੱਡੀ ਮੁਸ਼ਕਿਲ ਦਾ ਸਾਹਮਣਾ ਕਰ ਰਿਹਾ ਹੈ ਤੇ ਪੰਜਾਬ ਸਰਕਾਰ ਗੂੜੀ ਨੀਂਦ ਸੁੱਤੀ ਹੋਈ ਹੈ | ਉਨ੍ਹਾਂ ਕਿਹਾ ਕਿ ਦੇਸ਼ ਲਈ ਹਮੇਸ਼ਾ ਔਖੀ ਘੜੀ ਦੇ ਵਿਚ ਮੋਹਰੀ ਹੋ ਕੇ ਲੜੇ ਪੰਜਾਬੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਸਰਵੇਖਣ ਕਰਦੇ ਹੋਏ ਸੂਬੇ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨ | ਸ. ਬਾਜਵਾ ਨੇ ਕਿਹਾ ਕਿ ਹੜ੍ਹਾਂ ਤੋਂ ਪੰਜਾਬ ਦੇ ਕਰੀਬ 1100 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ ਅਤੇ 23 ਤੋਂ ਵੱਧ ਪੰਜਾਬ ਵਾਸੀ ਇਨ੍ਹਾਂ ਹੜ੍ਹਾਂ ਦੀ ਚਪੇਟ ਵਿਚ ਆ ਕੇ ਆਪਣੀ ਜਾਨ ਗਵਾ ਬੈਠੇ ਹਨ | ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਲਈ ਤੁਰੰਤ 5 ਤੋਂ 7 ਹਜਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਐਲਾਨਿਆ ਜਾਵੇ ਅਤੇ ਹੜ੍ਹ ਦੇ ਪਾਣੀ ਉੱਤਰਨ ਤੋਂ ਬਾਅਦ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਘੱਟੋ ਘੱਟ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਐਲਾਨਿਆ ਜਾਵੇ | ਇਸ ਮੌਕੇ ਕਾਂਗਰਸ ਕਮੇਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ, ਸੁਖਵਿੰਦਰ ਸਿੰਘ ਡੈਨੀ, ਸੰਤੋਖ ਸਿੰਘ ਭਲਾਈਪੁਰ ਤੇ ਸੁਨੀਲ ਦੱਤੀ (ਤਿੰਨੇ ਸਾਬਕਾ ਵਿਧਾਇਕ) ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ, ਬਲਾਕ ਪ੍ਰਧਾਨ ਰਾਜਬੀਰ ਸਿੰਘ ਮੱਧੂਸਾਂਗਾ, ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਚੇਅਰਮੈਨ ਦਲਜੀਤ ਸਿੰਘ ਸੋਨੂੰ ਰਾਏਪੁਰ ਕਲਾਂ, ਨਗਰ ਕੌਂਸਲ ਰਮਦਾਸ ਦੇ ਪ੍ਰਧਾਨ ਗੁਰਪਾਲ ਸਿੰਘ ਸਿੰਧੀ, ਰਾਣਾ ਰਣਜੀਤ ਸਿੰਘ ਭੱਖਾ, ਪ੍ਰਧਾਨ ਦਿਲਬਾਗ ਸਿੰਘ ਰਮਦਾਸ, ਵਿਸ਼ਾਲ ਕਾਠੀਆ, ਅਮਨਦੀਪ ਸਿੰਘ ਝੰਡੇਰ, ਹਰਪਾਲ ਸਿੰਘ ਗਗਨ ਢਿੱਲੋਂ, ਹਰਪ੍ਰੀਤ ਸਿੰਘ ਹੈਪੀ ਗੁੱਝਾਪੀਰ, ਸਰਵਣ ਸਿੰਘ ਨਿਜ਼ਾਮਪੁਰਾ, ਮਨਦੀਪ ਸਿੰਘ ਸ਼ੈਲੀ ਮੱਤੇਨੰਗਲ, ਬਲਵਿੰਦਰ ਸਿੰਘ ਹਰਦੋਪੁਤਲੀ, ਗੁਰਸ਼ਿੰਦਰ ਸਿੰਘ ਸਹਿੰਸਰਾ, ਨਵਤੇਜ ਸਿੰਘ ਕੋਟਲੀ, ਬਲਦੇਵ ਸਿੰਘ ਭੋਏਵਾਲੀ ਅਤੇ ਹਰਪਾਲ ਸਿੰਘ ਹਾਸ਼ਮਪੁਰਾ ਅਤੇ ਹੋਰ ਹਾਜ਼ਰ ਸਨ |
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਵਲੋਂ ਹੜ੍ਹ ਪੀੜਤਾਂ ਦੀ ਸੇਵਾ ਨਿਰੰਤਰ ਜਾਰੀ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਵਲੋਂ ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਦੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਦੀ ਸੇਵਾ ਲਗਾਤਾਰ ਜਾਰੀ ਹੈ | ਉਨ੍ਹਾਂ ਵਲੋਂ ਅਜਨਾਲਾ ਅਤੇ ਰਮਦਾਸ ਖੇਤਰ ਵਿਚ ਸੁੱਕੇ ਰਾਸ਼ਣ ਤੋਂ ਇਲਾਵਾ ਪੀਣ ਵਾਲਾ ਪਾਣੀ ਪਹੁੰਚਾਇਆ ਜਾ ਰਿਹਾ ਹੈ | 'ਅਜੀਤ' ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਕਿਹਾ ਕਿ ਇਨ੍ਹਾਂ ਔਖੇ ਹਾਲਾਤਾਂ ਮੌਕੇ ਹਰੇਕ ਵਿਅਕਤੀ ਨੂੰ ਆਪਣਾਂ ਫਰਜ਼ ਸਮਝਦੇ ਹੋਏ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤਹਿਤ ਬੇੜੀਆਂ ਰਮਦਾਸ ਖੇਤਰ 'ਚ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਰਾਹੀ ਹੜ੍ਹਾਂ 'ਚ ਫਸੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾਵੇਗੀ |
ਸਰਹੱਦੀ ਚੌਕੀਆਂ ਵਿਚ ਫਸੇ ਬੀ.ਐੱਸ.ਐੱਫ. ਜਵਾਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਆਉਣ ਦੀ ਪ੍ਰਕਿਰਿਆ ਵੀ ਜਾਰੀ
ਰਾਵੀ ਦਰਿਆ ਵਿਚ ਹੜ੍ਹ ਆ ਜਾਣ ਕਾਰਨ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਭਿਆਨਕ ਹੜ੍ਹ ਆ ਜਾਣ ਕਾਰਨ ਵੱਡੀ ਗਿਣਤੀ 'ਚ ਬੀ.ਐੱਸ.ਐੱਫ. ਦੇ ਜਵਾਨ ਵੀ ਪਾਣੀ ਵਿਚ ਘਿਰ ਗਏ ਹਨ | ਜਿਨ੍ਹਾਂ ਨੂੰ ਲਗਾਤਾਰ ਹੈਲੀਕਾਪਟਰ, ਬੇੜੀਆਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਬਾਹਰ ਲਿਆ ਕੇ ਸੁਰੱਖਿਅਤ ਥਾਂ ਤੇ ਭੇਜਿਆ ਜਾ ਰਿਹਾ ਹੈ | ਅੱਜ ਚੌਂਕੀ ਪੰਜਗਰਾਈਆਂ ਤੋਂ ਵਾਪਸ ਲਿਆਂਦੇ ਬੀ.ਐੱਸ.ਐੱਫ. ਜਵਾਨ ਨੇ ਦੱਸਿਆ ਕਿ ਇਸ ਸਮੇਂ ਵੀ ਸਰਹੱਦ ਨੇੜੇ ਬਹੁਤ ਜ਼ਿਆਦਾ ਪਾਣੀ ਹੈ ਤੇ ਹਾਲੇ ਵੀ ਵੱਡੀ ਗਿਣਤੀ 'ਚ ਜਵਾਨ ਚੌਂਕੀਆਂ ਤੇ ਹਨ | ਪਿੰਡ ਜੱਟਾ ਤੋਂ ਆਪਣੇ ਪਰਿਵਾਰ ਸਮੇਤ ਟਰੈਕਟਰ ਰਾਹੀਂ ਰਮਦਾਸ ਪਹੁੰਚੀ ਮਹਿਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮੇਂ ਪਿੰਡ ਜੱਟਾ ਵਿਚ ਕੁਝ ਕੁ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕ ਪਿੰਡ ਵਿਚ ਹੀ ਹਨ | ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਾਣੀ ਦੀ ਬਹੁਤ ਲੋੜ ਹੈ |
ਅਜਨਾਲਾ ਅਤੇ ਰਮਦਾਸ ਦੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਪਾਣੀ, ਰਾਸ਼ਨ, ਦਵਾਈਆਂ ਅਤੇ ਪਸ਼ੂਆਂ ਦੇ ਚਾਰੇ ਦੀ ਵੰਡ ਲਗਾਤਾਰ ਜਾਰੀ
ਪੰਜਾਬ ਸਰਕਾਰ ਵਲੋਂ ਤਿੰਨ ਪ੍ਰਬੰਧਕੀ ਸੈਕਟਰੀ ਪੱਧਰ ਦੇ ਸੀਨੀਅਰ ਅਧਿਕਾਰੀ ਵੀ ਮਦਦ ਲਈ ਮੌਕੇ ਉੱਤੇ ਪੁੱਜੇ
ਅਜਨਾਲਾ, (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ/ਬਲਵਿੰਦਰ ਸਿੰਘ ਸੰਧੂ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਵਿਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਲਿਆਉਣ ਅਤੇ ਰਾਹਤ ਵੰਡਣ ਦਾ ਕੰਮ ਲਗਾਤਾਰ ਜਾਰੀ ਹੈ | ਪੰਜਾਬ ਸਰਕਾਰ ਦੀ ਤਰਫੋਂ ਪ੍ਰਬੰਧਕੀ ਸਕੱਤਰ ਪੱਧਰ ਦੇ ਤਿੰਨ ਅਧਿਕਾਰੀ ਜਿਨ੍ਹਾਂ ਵਿਚ ਕਮਲ ਕਿਸ਼ੋਰ ਯਾਦਵ, ਵਰੁਨ ਰੂਜ਼ਮ ਅਤੇ ਬਸੰਤ ਗਰਗ ਸ਼ਾਮਿਲ ਹਨ, ਹੜ ਪੀੜਤਾਂ ਦੀ ਰਾਹਤ ਲਈ ਚੱਲ ਰਹੇ ਕੰਮਾਂ ਦੀ ਅਗਵਾਈ ਕਰਨੀ ਵਿਸ਼ੇਸ਼ ਤੌਰ 'ਤੇ ਚੰਡੀਗੜ੍ਹ ਤੋਂ ਅਜਨਾਲਾ ਪੁੱਜੇ ਹਨ | ਅੱਜ ਅਜਨਾਲਾ ਖੇਤਰ ਵਿਚ ਬਾਅਦ ਦੁਪਹਿਰ ਲਗਾਤਾਰ ਮੀਂਹ ਜਾਰੀ ਰਿਹਾ ਪਰ ਮੀਂਹ ਦੇ ਬਾਵਜੂਦ ਵੀ ਰਾਹਤ ਦੇ ਕੰਮ ਰੁਕੇ ਨਹੀਂ | ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਉਸੇ ਤਰ੍ਹਾਂ ਆਪਣੇ ਆਪਣੇ ਕੰਮ ਵਿਚ ਰੁੱਝੇ ਰਹੇ |