ਖੇਮਕਰਨ, 30 ਅਗਸਤ (ਰਾਕੇਸ਼ ਬਿੱਲਾ)-ਸਰਹੱਦੀ ਪਿੰਡ ਮਹਿੰਦੀਪੁਰ ਦੇ ਧੁੱਸੀ ਬੰਨ ਦਾ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਦੌਰਾ ਕੀਤਾ ਤੇ ਬੰਨ 'ਤੇ ਜਾ ਕੇ ਕਿਸਾਨਾਂ ਨੂੰ ਮਿਲ ਕੇ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਕਿਸਾਨਾਂ ਤੋਂ ਮੌਜੂਦਾ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਪਾਰਟੀ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਭਾਈ ਮਨਜੀਤ ਸਿੰਘ ਨੇ ਪੰਜਾਬ ਦੇ ਨਾਲ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ਨੇ ਹਰ ਸਾਲ ਦੇਸ਼ ਦਾ ਅੰਨ ਭੰਡਾਰ ਭਰਿਆ ਹੈ | ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ | ਦਰਿਆਵਾਂ ਦੇ ਪਾਣੀ 'ਤੇ ਤਾਂ ਗੁਆਂਢੀ ਸੂਬੇ ਹੱਕ ਜਤਾਉਂਦੇ ਆ ਰਹੇ ਹਨ | ਪੰਜਾਬ ਨਾਲ ਪਾਣੀ ਲਈ ਲੜ ਰਹੇ ਹਨ, ਪਰ ਅੱਜ ਜਦੋਂ ਪੰਜਾਬ ਪੂਰਨ ਤੌਰ 'ਤੇ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ, ਦਰਿਆਵਾਂ ਦੇ ਪਾਣੀ ਨੇ ਸਾਡੇ ਸੂਬੇ ਨੂੰ ਤਬਾਹ ਕਰ ਦਿੱਤਾ ਹੈ, ਹੁਣ ਉਹ ਸੂਬੇ ਤੇ ਕੇਂਦਰ ਸਰਕਾਰ ਕਿੱਥੇ ਹੈ | ਹਰ ਸਾਲ ਹੜ੍ਹ ਆ ਰਹੇ ਹਨ, ਪਰ ਸੂਬੇ ਨੂੰ ਹੜ੍ਹਾਂ ਤੋਂ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ | ਹਰ ਸੰਕਟ ਸਮੇਂ ਪੰਜਾਬ ਨੂੰ ਆਪਣੇ ਹਾਲ 'ਤੇ ਛੱਡਿਆ ਜਾ ਰਿਹਾ ਹੈ | ਇਸ ਕਾਰਨ ਅੱਜ ਹਰ ਪੰਜਾਬੀ ਨਿਰਾਸ਼ ਹੈ, ਕਿਉਂਕਿ ਬਰਸਾਤਾਂ ਅਜੇ ਵੀ ਜਾਰੀ ਹਨ | ਪਹਾੜੀ ਇਲਾਕਿਆਂ ਦਾ ਸਾਰਾ ਪਾਣੀ ਪੰਜਾਬ ਦਾ ਨੁਕਸਾਨ ਹੋਰ ਕਰੇਗਾ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਆਪਣੀ ਪਾਰਟੀ ਦੇ ਬਾਹਰੀ ਆਗੂਆਂ ਦੇ ਚੁੰਗਲ 'ਚੋਂ ਨਿਕਲ ਕੇ ਪੰਜਾਬ ਦੇ ਸੰਕਟ ਦਾ ਦਲੇਰੀ ਨਾਲ ਮੁਕਾਬਲਾ ਕਰਨ ਤੇ ਕੇਂਦਰ ਸਰਕਾਰ ਨਾਲ ਗੱਲ ਕਰਨ 'ਤੇ ਪੰਜਾਬ 'ਚ ਹੰਗਾਮੀ ਹਾਲਤ ਦਾ ਐਲਾਨ ਕਰਕੇ ਕੇਂਦਰ ਤੋਂ ਸਪੈਸ਼ਲ ਪੈਕਜ ਦੀ ਮੰਗ ਕਰਨ | ਉਨ੍ਹਾਂ ਬੰਨ 'ਤੇ ਕਿਸਾਨਾਂ ਨੂੰ 10 ਹਜ਼ਾਰ ਨਗਦ ਮਦਦ ਵੀ ਦਿੱਤੀ ਤੇ ਹੋਰ ਸੰਭਵ ਮਦਦ ਕਰਨ ਵਿਸ਼ਵਾਸ਼ ਵੀ ਦਿੱਤਾ | ਇਸ ਮੌਕੇ ਬਾਰਡਰ ਕਿਸਾਨ ਆਗੂ ਸੁਰਜੀਤ ਸਿੰਘ ਭੂਰਾ, ਸਾਬਕਾ ਚੇਅਰਮੈਨ ਨਿਸ਼ਾਨ ਸਿੰਘ ਮਹਿੰਦੀਪੁਰ, ਸਰਪੰਚ ਪ੍ਰਗਟ ਸਿੰਘ ਮਹਿੰਦੀਪੁਰ, ਬਾਬਾ ਸੁਖਦੇਵ ਸਿੰਘ ਖ਼ਾਲਸਾ, ਗੁਰਨਾਮ ਸਿੰਘ ਪ੍ਰਧਾਨ, ਬੋਹੜ ਸਿੰਘ ਅਕਾਲੀ, ਹਰਜਿੰਦਰ ਸਿੰਘ ਬਿੱਟੂ, ਸਰਪੰਚ ਹਰਚਰਨ ਸਿੰਘ ਕਾਦੀਵਿੰਡ, ਗੁਰਪ੍ਰੀਤ ਸਿੰਘ ਪੱਤੂ, ਗੁਰਮੇਲ ਸਿੰਘ ਟੋਨੀ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਮੀਆਵਾਲਾ ਤੇ ਅਨੇਕਾ ਕਿਸਾਨ ਹਾਜ਼ਰ ਸਨ |