ਤਰਨ ਤਾਰਨ, 30 ਅਗਸਤ (ਇਕਬਾਲ ਸਿੰਘ ਸੋਢੀ)-ਆਸ਼ਾ ਵਰਕਰ ਤੇ ਫਸਿਲੀਟੇਟਰ ਸਾਂਝਾ ਮੋਰਚਾ ਪੰਜਾਬ ਵਲੋਂ ਪੰਜਾਬ ਭਰ ਵਿਚ ਆਸ਼ਾ ਵਰਕਰ ਤੇ ਫੈਸਿਲੀਟੇਟਰ ਦੀਆਂ ਹੱਕੀ ਮੰਗਾਂ ਨੂੰ ਲੈ ਕੇ 31 ਅਗਸਤ ਤੱਕ ਲਗਾਤਾਰ ਸਿਹਤ ਵਿਭਾਗ ਦੇ ਕੰਮਾਂ ਦਾ ਬਾਈਕਾਟ ਕਰਨ ਅਤੇ ਲਗਾਤਾਰ ਰੋਸ ਧਰਨੇ ਲਗਾਉਣ ਦੇ ਪ੍ਰੋਗਰਾਮ ਉਲੀਕੇ ਗਏ ਸਨ, ਜਿਸ ਦੇ ਤਹਿਤ ਸਿਵਲ ਸਰਜਨ ਦਫ਼ਤਰ ਤਰਨ ਤਾਰਨ 'ਚ ਆਸ਼ਾ ਵਰਕਰਜ ਫੈਸਿਲੀਟੇਟਰ ਸਾਂਝਾ ਮੋਰਚਾ ਪੰਜਾਬ ਵਲੋਂ ਲਗਾਤਾਰ ਚੌਥੇ ਦਿਨ ਰੋਸ ਧਰਨਾ ਲਗਾਇਆ ਗਿਆ ਜਿਸ ਦੀ ਅਗਵਾਈ ਮਨਜੀਤ ਕੌਰ ਗੋਹਲਵੜ, ਰੂਪਵਿੰਦਰ ਕੌਰ, ਰਾਜਵਿੰਦਰ ਕੌਰ ਫੈਸਿਲੀਟੇਟਰ ਵਲੋਂ ਕੀਤੀ ਗਈ | ਇਸ ਸਮੇਂ ਬੁਲਾਰਿਆਂ ਨੇ ਦੱਸਿਆ ਕਿ ਆਸ਼ਾ ਵਰਕਰ ਤੇ ਫਸਿਲੀਟੇਟਰ 17 ਸਾਲ ਤੋਂ ਨਿਗੂਣੇ ਭੱਤਿਆਂ ਤੇ ਸਿਹਤ ਵਿਭਾਗ ਵਿਚ ਕੰਮ ਕਰ ਰਹੀਆਂ ਹਨ | ਉਨ੍ਹਾਂ ਪ੍ਰਤੀ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਸੈਂਟਰ ਸਰਕਾਰ ਗੰਭੀਰ ਹੈ, ਜਿਸ ਕਾਰਨ ਸਾਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਸਾਡੀਆਂ ਮੰਗਾਂ ਹਨ ਕਿ ਜੋ ਆਸ਼ਾ ਵਰਕਰ ਤੇ ਫੈਸਿਲੀਟੇਟਰ ਵਿਭਾਗ ਵਿਚ 10 ਸਾਲ ਦੀ ਸੇਵਾ ਪੂਰੀ ਕਰ ਚੁੱਕੀਆਂ ਹਨ | ਉਨ੍ਹਾਂ ਨੂੰ ਵਿਭਾਗ ਅੰਦਰ ਉਜਰਤ ਦੇ ਕਾਨੂੰਨ ਅਧੀਨ ਲਿਆ ਕੇ 26 ਹਜ਼ਾਰ ਤਨਖਾਹ ਦਿੱਤੀ ਜਾਵੇ, ਕੱਟੇ ਹੋਏ ਪੱਤੇ ਬਹਾਲ ਕੀਤੇ ਜਾਣ ਅਤੇ ਉਨ੍ਹਾਂ ਵਿਚ ਵਾਧਾ ਕੀਤਾ ਜਾਵੇ | ਫੈਸਿਲੀਟੇਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਫਸਿਲੀਟੇਟਰਾਂ ਨੂੰ ਭਰਤੀ ਕਰਨ ਉਪਰੰਤ ਲਾਗੂ ਕੀਤੇ ਹਜ਼ਾਰ ਰੁਪਏ ਮਾਣ ਭੱਤੇ ਨੂੰ 2011 ਤੋਂ 2025 ਤੱਕ ਕੋਈ ਵਾਧਾ ਨਹੀਂ ਕੀਤਾ ਹੈ, ਜਿਸ ਵਿਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਸਫਰੀ ਭੱਤੇ ਵਿਚ ਵੀ ਵਾਧਾ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਆਸ਼ਾ ਵਰਕਰ ਤੇ ਫੈਸਿਲੀਟੇਟਰ ਦੀਆਂ ਮੰਗਾਂ ਹੱਲ ਕਰਨ ਲਈ ਮੀਟਿੰਗ ਦਾ ਸਮਾਂ ਨਹੀਂ ਦਿੰਦੀ ਤਾਂ ਇਹ ਸੰਘਰਸ਼ ਅੱਗੇ ਵਧਾਇਆ ਜਾਵੇਗਾ ਅਤੇ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਤਿੰਨ ਸਾਲ ਬੀਤ ਜਾਣ ਉਪਰੰਤ ਵੀ ਉਹ ਵਾਅਦੇ ਤੋਂ ਲਗਾਤਾਰ ਮੁੱਕਰ ਰਹੀ ਹੈ | ਇਸ ਧਰਨੇ ਵਿਚ ਪੂਨਮ ਕੌਰ, ਤਜਿੰਦਰ ਕੌਰ, ਗੁਰਪ੍ਰੀਤ ਕੌਰ ਵਾਂ, ਦਲਜੀਤ ਕੌਰ ਜੀਓਬਾਲਾ, ਸੁਖਬੀਰ ਕੌਰ, ਮਨਦੀਪ ਕੌਰ ਬਾਲਾਚੱਕ, ਸਤਨਾਮ ਕੌਰ, ਗੰਗਾ ਦੇਵੀ, ਰਮਨ ਕੌਰ ਠਰੂ, ਰਜਵੰਤ ਕੌਰ ਪੰਡੋਰੀ, ਸਰਬਜੀਤ ਕੌਰ ਗੋਹਲਵੜ੍ਹ, ਬਲਵਿੰਦਰ ਕੌਰ ਖਾਰਾ, ਸੁਖਰਾਜ ਕੌਰ ਪੰਡੋਰੀ, ਸਰਬਜੀਤ ਕੌਰ ਮੀਰਪੁਰ ਆਦਿ ਆਗੂ ਹਾਜ਼ਰ ਸਨ |