ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਨਿਰਮਲ ਸਿੰਘ, ਸੁਖਵਿੰਦਰ ਸਿੰਘ ਤਰਨ ਤਾਰ, ਹਰਮਨਦੀਪ ਸਿੰਘ, ਕਾਬਲ ਸਿੰਘ ਜੋਧਪੁਰ, ਸਤਿੰਦਰ ਸਿੰਘ ਪਲਾਸੌਰ ਨੇ ਇਕ ਛੜਯੰਤਰ ਤਹਿਤ ਕੀਤੀਆਂ ਜਾ ਰਹੀਆਂ ਰਾਹੁਲ ਗਾਂਧੀ ਵਲੋਂ ਗੁਰਧਾਮਾਂ ਦੀਆਂ ਫੇਰੀਆਂ ਤੇ ਉਸ ਨੂੰ ਦਿੱਤੇ ਗਏ ਸਿਰੋਪਾਓ ਦਾ ਕਰੜਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਇਹ ਛੜਯੰਤਰ ਸਿੱਖ ਪੰਥ ਕਾਮਯਾਬ ਨਹੀਂ ਹੋਣ ਦੇਵੇਗਾ | ਉਨ੍ਹਾਂ ਕਿਹਾ ਕਿ ਇੰਦਰਾ ਦੇ ਸਿੱਖ ਜਾਣ ਬੁਝ ਕੇ ਰਾਹੁਲ ਗਾਂਧੀ ਦੀ ਉਮਰ 8 ਸਾਲ ਦੀ ਸੀ ਵਾਲੀ ਬਿਆਨਬਾਜ਼ੀ ਕਰਕੇ ਸਿੱਖਾਂ ਦੀ ਕੁਲਨਾਸ਼ ਉੱਪਰ ਮੁਕੰਮਲ ਰੂਪ ਵਿਚ ਪਰਦਾ ਪਾਉਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਇਸ ਛੜਯੰਤਰ ਵਿਚ ਭਾਜਪਾ, ਆਰ.ਐੱਸ.ਐੱਸ, ਬਾਦਲ ਵੀ ਸ਼ਾਮਿਲ ਹਨ, ਕਿਉਂਕਿ ਸਾਰੇ ਫੌਜੀ ਹਮਲੇ, ਝੂਠੇ ਮੁਕਾਬਲਿਆਂ ਤੇ ਨਵੰਬਰ-84 ਦੇ ਕਾਂਡ ਵਿਚ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦਾ ਮਤਲਬ ਹੈ ਕਿ ਕੁਲਨਾਸ਼ ਕਰਨ ਵਾਲੇ ਇੰਦਰਾਂ, ਰਾਜੀਵ ਤੇ ਬਾਕੀ ਧਿਰਾਂ ਸਹੀ ਸਨ ਅਤੇ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਉਨ੍ਹਾਂ ਨਾਲ ਸ਼ਹੀਦੀਆਂ ਪਾਉਣ ਵਾਲੇ ਹਜ਼ਾਰਾ ਸਿੱਖ ਗਲਤ ਸਨ |