ਤਰਨ ਤਾਰਨ, 20 ਸਤੰਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਅਧੀਨ ਜ਼ੋਨ ਬਾਬਾ ਦੀਪ ਸਿੰਘ ਜੀ ਦੇ ਪਿੰਡ ਗੋਹਲਵੜ ਇਕਾਈ ਤੇ ਐੱਨ.ਆਰ.ਆਈ. ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਧੁੰਨ ਢਾਏ ਵਾਲਾ ਵਿਖੇ ਡੀਜ਼ਲ ਦੀ ਸੇਵਾ ਕੀਤੀ ਗਈ | ਲੋਕਾਂ ਵਲੋਂ ਹੜ੍ਹ ਪੀੜਤਾਂ ਦੇ ਹੱਕ ਵਿਚ ਜੰਗੀ ਪੱਧਰ 'ਤੇ ਨਿੱਤਰਨ ਦੀ ਪ੍ਰਸੰਸਾ ਕੀਤੀ | ਪੰਜਾਬ ਦੀ ਜਵਾਨੀ ਇਸ ਔਖੀ ਘੜੀ ਵਿਚ ਹੜ੍ਹ ਪੀੜਤਾਂ ਦੇ ਹੱਕ ਵਿਚ ਇਤਿਹਾਸਕ ਰੋਲ ਨਿਭਾ ਰਹੀ ਹੈ | ਐੱਨ.ਆਰ.ਆਈ. ਨੌਜਵਾਨ ਗੁਰਪ੍ਰੀਤ ਸਿੰਘ ਲਵ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਮੁਲਕ ਦਾ ਢਿੱਡ ਭਰਨ ਵਾਲਾ ਸੂਬਾ ਹੈ | ਏਨੀ ਵੱਡੀ ਬਿਪਤਾ ਦੇ ਬਾਵਜੂਦ ਵੀ ਹੜ੍ਹਾਂ ਦੀ ਕਰੋਪੀ ਨੂੰ ਕੌਮੀ ਆਫਤ ਨਾ ਐਲਾਨਣਾ ਪੰਜਾਬ ਨਾਲ ਸਰਾਸਰ ਧੱਕਾ ਹੈ | ਐੱਨ.ਆਰ.ਆਈ. ਨੌਜਵਾਨਾਂ ਨੇ ਮੰਗ ਕੀਤੀ ਹੜ੍ਹਾਂ ਨੂੰ ਕੌਮੀ ਆਫਤ ਮੰਨ ਕੇ ਕੇਂਦਰ ਸਰਕਾਰ ਵੱਡੀ ਪੱਧਰ 'ਤੇ ਫੰਡ ਜਾਰੀ ਕਰੇ | ਉਨ੍ਹਾਂ ਕਿਹਾ ਕਿ ਲੋਕ ਆਪਣੀ ਬਣੀ ਖੁਦ ਨਬੇੜ ਰਹੇ ਹਨ | ਸਰਕਾਰ ਮੈਦਾਨ ਵਿਚੋਂ ਗੈਰ ਹਾਜ਼ਰ ਹੈ, ਜੋ ਕਿਸ਼ਤੀਆਂ ਤੱਕ ਮੁਹੱਈਆ ਨਹੀਂ ਕਰਵਾ ਸਕੀ | ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਜਿੰਨਾ ਚਿਰ ਹੜ੍ਹ ਪ੍ਰਭਾਵਿਤ ਲੋਕ ਆਪਣੇ ਘਰਾਂ ਵਿਚ ਬੈਠ ਨਹੀਂ ਜਾਂਦੇ, ਖੇਤ ਪੂਰੀ ਕਣਕ ਬੀਜਣ ਯੋਗ ਨਹੀਂ ਬਣ ਜਾਂਦੇ | ਓਨਾ ਚਿਰ ਇਸੇ ਤਰ੍ਹਾਂ ਸੇਵਾ ਨਿਰੰਤਰ ਜਾਰੀ ਰਹੇਗੀ | ਇਸ ਮੌਕੇ ਐੱਨ.ਆਰ.ਆਈ. ਨੌਜਵਾਨ ਮਨਦੀਪ ਸਿੰਘ ਨਿਊਜ਼ੀਲੈਂਡ, ਚਰਨਜੀਤ ਸਿੰਘ ਹੈਪੀ, ਬਲਜੀਤ ਸਿੰਘ, ਅਕਾਸ਼ ਸਿੰਘ ਆਦਿ ਹਾਜ਼ਰ ਸਨ |