ਖੇਮਕਰਨ, 20 ਸਤੰਬਰ (ਰਾਕੇਸ਼ ਬਿੱਲਾ)-ਪੰਜਾਬ 'ਚ ਆਏ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਪੀੜਤ ਕਿਸਾਨਾਂ ਨਾਲ ਹਮਦਰਦੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਸਾਨਾਂ ਦੀ ਮਦਦ ਵਾਸਤੇ ਡੀਜ਼ਲ ਤੇਲ ਮੁਹੱਈਆ ਕਰਵਾਉਣ ਦੇ ਵਾਅਦਿਆਂ ਨੂੰ ਲੈ ਕੇ ਵਿਵਾਦ ਚੱਲ ਪਿਆ ਹੈ | ਪੰਜਾਬ ਦੇ ਕਾਂਗਰਸੀਆਂ ਨੇ ਵੀ ਸੁਖਬੀਰ ਸਿੰਘ ਬਾਦਲ ਦੇ ਵਾਅਦਿਆਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਦੀ ਗੋਲਕ 'ਚੋਂ ਪੂਰਾ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਇਸ ਨੂੰ ਸੰਗਤਾਂ ਨਾਲ ਬਾਦਲ ਪਰਿਵਾਰ ਦਾ ਇਕ ਹੋਰ ਧੋਖਾ ਕਰਾਰ ਦਿੱਤਾ ਹੈ | ਇਸ ਸੰਬੰਧੀ ਸਾਂਝਾ ਬਿਆਨ ਜਾਰੀ ਕਰਦੇ ਹੋਏ ਹਲਕਾ ਖੇਮਕਰਨ ਦੇ ਸਾਬਕਾ ਕਾਂਗਰਸੀ ਸਰਪੰਚਾਂ ਸ਼ੇਰ ਸਿੰਘ ਮੋਦਾ ਭੂਰਾ ਕੋਹਨਾ, ਸਾਬਕਾ ਸਰਪੰਚ ਪਿਆਰਾ ਸਿੰਘ ਭੂਰਾ ਕਰੀਮਪੁਰਾ, ਸਾਬਕਾ ਸਰਪੰਚ ਮੇਜਰ ਸਿੰਘ ਕਲਸ, ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਤੇ ਚੇਅਰਮੈਨ ਕੁਲਦੀਪ ਸਿੰਘ ਵਿਰਕ ਨੇ ਕਿਹਾ ਕਿ ਅੱਜ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਸ਼ਰੇਆਮ ਮੁੜ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਹੜ੍ਹ ਪੀੜਤਾਂ ਦੀ ਮਦਦ ਬਹਾਨੇ ਆਪਣੀ ਰਾਜਸੀ ਹਿੱਤਾਂ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਖ਼ਜ਼ਾਨੇ ਨੂੰ ਵਰਤਣ ਲੱਗ ਪਿਆ ਹੈ | ਅੱਜ ਹਰ ਕੋਈ ਜਾਗਰੂਕ ਹੈ ਤੇ ਇਸ ਸਮੇਂ ਗੁਰੂ ਦੀ ਗੋਲਕ ਨੂੰ ਅਕਾਲੀ ਦਲ ਦੇ ਰਾਜਸੀ ਹਿੱਤਾਂ ਲਈ ਵਰਤਣ ਤੋਂ ਦੁਖੀ ਤੇ ਨਿਰਾਸ਼ ਹੈ |