ਲੁਧਿਆਣਾ, 29 ਅਗਸਤ (ਜਗਮੀਤ ਸਿੰਘ)-ਬੀਤੇ ਸ਼ਨੀਵਾਰ ਦੀ ਦੇਰ ਰਾਤ ਮੋਟਰਸਾਈਕਲ ਸਵਾਰਾਂ ਵਲੋਂ ਸੋਸ਼ਲ ਮੀਡੀਆ ਇੰਨਫਲੂਐਂਸਰ ਕਾਰਤਿਕ ਬੱਗਣ ਦਾ ਕਥਿਤ ਰੂਪ ਨਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਕਾਤਲਾਂ ਦੀ ਪਛਾਣ ਕਰਨ ਦਾ ਭਰੋਸਾ ਜ਼ਿਲ੍ਹਾ ਪੁਲਿਸ ਕਮਿਸ਼ਨਰ ਵਲੋਂ ਮਿਲਣ ਦੇ ਬਾਅਦ ਅੱਜ ਸ਼ੁੱਕਰਵਾਰ ਨੂੰ ਮਿ੍ਤਕ ਕਾਰਤਿਕ ਬੱਗਣ ਦਾ ਅੰਤਿਮ ਸੰਸਕਾਰ ਬਾਜਵਾ ਨਗਰ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਦੱਸਣਯੋਗ ਹੈ ਕਿ ਬੁੱਧਵਾਰ ਨੂੰ ਦਲਿਤ ਸਮਾਜ ਨੇ ਭਰਵਾਂ ਇਕੱਠ ਕਰਦੇ ਹੋਏ ਕਾਰਤਿਕ ਬੱਗਣ ਦੇ ਕਾਤਲਾਂ ਨੂੰ 24 ਘੰਟੇ ਅੰਦਰ ਗਿ੍ਫ਼ਤਾਰ ਨਾ ਕਰਨ 'ਤੇ 29 ਅਗਸਤ ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਬੰਦ ਦਾ ਸੱਦਾ ਦਿੱਤਾ ਗਿਆ ਸੀ | ਪਰ ਇਸ ਤੋਂ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ 28 ਅਗਸਤ ਵੀਰਵਾਰ ਦੀ ਦੇਰ ਸ਼ਾਮ ਕਾਰਤਿਕ ਬੱਗਣ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਕਾਰਤਿਕ ਦੇ ਕਾਤਲਾਂ ਦੀ ਪਛਾਣ ਕਰਨ ਅਤੇ ਪੂਰੀ ਪੁਲਿਸ ਕਾਰਵਾਈ ਸਬੰਧੀ ਸੰਤੁਸ਼ਟ ਕੀਤਾ ਗਿਆ | ਜਿਸ ਤੋਂ ਬਾਅਦ ਦਲਿਤ ਆਗੂਆਂ ਨੇ 29 ਅਗਸਤ ਦੇ ਲੁਧਿਆਣਾ ਬੰਦ ਦਾ ਸੱਦਾ ਵਾਪਸ ਲੈ ਲਿਆ ਅਤੇ ਸ਼ੁੱਕਰਵਾਰ ਨੂੰ ਕਾਰਤਿਕ ਬੱਗਣ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਮਿ੍ਤਕ ਕਾਰਤਿਕ ਬੱਗਣ ਦੇ ਅੰਤਿਮ ਸੰਸਕਾਰ ਮੌਕੇ ਲੁਧਿਆਣਾ ਤੋਂ ਇਲਾਵਾ ਦੂਸਰੇ ਜ਼ਿਲਿ੍ਹਆਂ ਤੋਂ ਵੀ ਲੋਕ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਹੋਏ ਸਨ |