ਲੁਧਿਅਆਣਾ, 30 ਅਗਸਤ (ਜਸਵਿੰਦਰ ਸਿੰਘ)-ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਯਾਦਗਾਰੀ ਪੱਤਰ ਸੌਂਪਿਆ ਹੈ, ਜਿਸ ਵਿਚ ਵੈਟਰਨਰੀ ਇੰਟਰਨ ਡਾਕਟਰਾਂ ਦੇ ਭੱਤੇ ਵਿਚ ਵਾਧੇ ਸਬੰਧੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਦਾ ਤੁਰੰਤ ਹੱਲ ਲੱਭਣ ਦੀ ਗੁਜ਼ਾਰਸ਼ ਕੀਤੀ ਗਈ ਹੈ | ਯਾਦਗਾਰੀ ਪੱਤਰ ਵਿੱਚ, ਯੂਨੀਅਨ ਨੇ ਰਾਜਪਾਲ ਪੰਜਾਬ (ਜੋ ਕਿ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ) ਨਾਲ, ਉਨ੍ਹਾਂ ਦੇ ਇਸ ਸ਼ਨੀਵਾਰ ਦੇ ਦੌਰੇ ਦੌਰਾਨ ਮੀਟਿੰਗ ਦੀ ਬੇਨਤੀ ਕੀਤੀ ਹੈ | ਇਸ ਤੋਂ ਇਲਾਵਾ, ਯੂਨੀਅਨ ਨੇ ਵਿੱਤ ਮੰਤਰੀ ਪੰਜਾਬ ਨਾਲ ਮੁਲਾਕਾਤ ਅਤੇ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਦੀ ਵੀ ਮੰਗ ਕੀਤੀ ਹੈ, ਤਾਂ ਜੋ ਇਸ ਮਾਮਲੇ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ | ਮੌਜੂਦਾ ਸਮੇਂ 'ਚ ਪੰਜਾਬ ਦੇ ਵੈਟਰਨਰੀ ਇੰਟਰਨਾਂ ਨੂੰ 500 ਰੁਪੈ ਪ੍ਰਤੀ ਦਿਨ ਭੱਤਾ ਮਿਲ ਰਿਹਾ ਹੈ | ਯੂਨੀਅਨ ਨੇ ਇਸ ਰਕਮ ਨੂੰ ਅਣਪੂਰੀ ਅਤੇ ਅਨਿਆਇਕ ਕਰਾਰ ਦਿੱਤਾ ਹੈ, ਖ਼ਾਸ ਕਰਕੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਕਿ ਇੰਟਰਨ ਵੈਟਰਨਰੀ ਡਾਕਟਰਾਂ ਤੋਂ ਕਿੰਨੀ ਜਿੰਮੇਵਾਰੀਆਂ, ਕੰਮ ਦਾ ਬੋਝ ਅਤੇ ਸਮਰਪਣ ਦੀ ਉਮੀਦ ਕੀਤੀ ਜਾਂਦੀ ਹੈ | ਇਹ ਸਟਾਈਪੈਂਡ ਨਾ ਸਿਰਫ਼ ਰਾਜ ਦੇ ਅੰਦਰ ਐਮ.ਬੀ.ਬੀ.ਐਸ ਅਤੇ ਬੀ.ਡੀ.ਐਸ ਇੰਟਰਨਜ਼ ਨਾਲੋਂ ਘੱਟ ਹੈ, ਸਗੋਂ ਪੜੋਸੀ ਰਾਜਾਂ ਜਿਵੇਂ ਕਿ ਹਰਿਆਣਾ (ਲੂਵਾਸ), ਰਾਜਸਥਾਨ (ਰਾਜੂਵਾਸ) ਅਤੇ ਉੱਤਰ ਪ੍ਰਦੇਸ਼ (ਬੀਐਚਯੂ) ਦੇ ਵੈਟਰਨਰੀ ਇੰਟਰਨਜ਼ ਨਾਲੋਂ ਵੀ ਕਾਫੀ ਘੱਟ ਹੈ | ਯੂਨੀਅਨ ਨੇ ਆਪਣੀ ਮੰਗ ਦੁਹਰਾਈ ਹੈ ਕਿ ਸਟਾਈਪੈਂਡ ਨੂੰ ਵਧਾ ਕੇ 24,310 ਰੁਪੈ ਪ੍ਰਤੀ ਮਹੀਨਾ ਕੀਤਾ ਜਾਵੇ | ਅੱਜ ਦੇ ਯਾਦਗਾਰੀ ਪੱਤਰ ਰਾਹੀਂ, ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਰਾਜਪਾਲ , ਵਿੱਤ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦੀ ਅਪੀਲ ਕੀਤੀ ਹੈ | ਯੂਨੀਅਨ ਨੇ ਹੋਰ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਆਪਣੇ ਜ਼ੋਰਦਾਰ ਅੰਦੋਲਨ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਵੇਗੀ |