ਲੁਧਿਆਣਾ, 19 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਵੱਖ ਵੱਖ ਕਾਰਵਾਈਆਂ ਕਾਰਨ ਚਰਚਾ ਵਿਚ ਰਹਿਣ ਵਾਲੇ ਕਾਰੋਬਾਰੀ ਗੁਰਵਿੰਦਰ ਸਿੰਘ ਪਿ੍ੰਕਲ ਲੁਧਿਆਣਾ ਨੂੰ ਅੱਜ ਮੁੜ ਤੋਂ ਪੁਲਿਸ ਨੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਤੋਂ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਉਸ ਖ਼ਿਲਾਫ਼ ਸੀਨੀਅਰ ਐਡਵੋਕੇਟ ਗਗਨਦੀਪ ਸਿੰਘ ਨੇ ਸ਼ਿਕਾਇਤ ਕੀਤੀ ਸੀ | ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਗਗਨਦੀਪ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਿ੍ੰਕਲ ਨੂੰ ਗਿ੍ਫ਼ਤਾਰ ਕੀਤਾ ਸੀ, ਪਰ ਬਾਅਦ ਵਿਚ ਉਸ ਨੂੰ ਸ਼ਰਤਾਂ ਸਮੇਤ ਜ਼ਮਾਨਤ ਦੇ ਦਿੱਤੀ ਸੀ | ਐਡਵੋਕੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਉਕਤ ਪਿ੍ੰਕਲ ਲੁਧਿਆਣਾ ਉਸ ਦੇ ਪਰਿਵਾਰ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀਆਂ ਕਰ ਰਿਹਾ ਸੀ, ਜਿਸ 'ਤੇ ਪੁਲਿਸ ਵਲੋਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਪਰ ਮਾਨਯੋਗ ਅਦਾਲਤ ਵਲੋਂ ਉਸ ਨੂੰ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਸੀ ਅਤੇ ਜ਼ਮਾਨਤ ਦੇਣ ਸਮੇਂ ਮਾਨਯੋਗ ਜੱਜ ਵਲੋਂ ਸਖ਼ਤ ਹੁਕਮ ਦਿੱਤੇ ਗਏ ਸਨ | ਬਾਹਰ ਆਉਣ ਉਪਰੰਤ ਪਿ੍ੰਕਲ ਨੇ ਮੁੜ ਤੋਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ | ਸ਼ਿਕਾਇਤਕਰਤਾ ਵਲੋਂ ਇਸ ਸਬੰਧੀ ਅਦਾਲਤ ਵਿਚ ਦਰਖਾਸਤ ਦਿੱਤੀ ਗਈ ਸੀ ਅਤੇ ਪੁਲਿਸ ਨੇ ਬੀਤੇ ਦਿਨ ਇਕ ਹੋਰ ਮਾਮਲਾ ਪਿ੍ੰਕਲ ਖ਼ਿਲਾਫ਼ ਦਰਜ ਕੀਤਾ ਗਿਆ ਸੀ | ਅੱਜ ਜਦੋਂ ਅਦਾਲਤ ਵਿਚ ਉਹ ਪੇਸ਼ ਹੋਣ ਲਈ ਆਇਆ ਤਾਂ ਪੁਲਿਸ ਨੇ ਉਸ ਨੂੰ ਉੱਥੇ ਹੀ ਗਿ੍ਫ਼ਤਾਰ ਕਰ ਲਿਆ | ਅਦਾਲਤ ਵਿਚ ਪੇਸ਼ ਕਰਨ 'ਤੇ ਮਾਨਯੋਗ ਜੱਜ ਨੇ ਉਸ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ, ਜਦਕਿ ਪਹਿਲਾਂ ਦਰਜ ਕੀਤੇ ਮਾਮਲੇ ਵਿਚ ਉਸ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ ਗਿਆ ਹੈ | ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ |