ਇਆਲੀ/ਥਰੀਕੇ, 19 ਸਤੰਬਰ (ਮਨਜੀਤ ਸਿੰਘ ਦੁੱਗਰੀ)-ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮੁਫ਼ਤ ਟੈੱਸਟ ਕਰਨ ਲਈ ਫੈਬਰੋਸਕੈਨ ਮੋਬਾਈਲ ਬੱਸ ਤੇ ਕਲੀਨਿਕ ਮੋਬਾਈਲ ਬੱਸ ਤੇ ਮੁਫ਼ਤ ਚੈੱਕਅਪ ਅਤੇ ਮੁਫ਼ਤ ਮੈਡੀਸਨ ਲਈ ਦੋ ਬੱਸਾਂ ਅੱਜ ਵੈਦ ਜਗਦੀਪ ਸਿੰਘ ਜੇ. ਡੀ. ਆਯੁਰਵੈਦਿਕ ਵਲੋਂ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਲੋਕ ਸੇਵਾ ਲਈ ਸੌਂਪੀਆਂ ਗਈਆਂ | ਵੈਦ ਜਗਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੋਬਾਈਲ ਬੱਸਾਂ 'ਚ ਸਮੂਹ ਡਾਕਟਰਾਂ ਦੀ ਟੀਮ ਹੜ੍ਹ ਪੀੜਤ ਇਲਾਕੇ ਦੇ ਵਾਸੀਆਂ ਦੇ ਲੀਵਰ ਦੀਆਂ ਬਿਮਾਰੀਆਂ ਤੇ ਹੋਰ ਸਾਰੇ ਚੈੱਕਅਪ ਆਧੁਨਿਕ ਮਸ਼ੀਨਾਂ ਨਾਲ ਮੁਫ਼ਤ ਕੀਤੇ ਜਾਣਗੇ | ਇਨ੍ਹਾਂ ਬੱਸਾਂ ਨੂੰ ਲੋਕ ਸੇਵਾ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜਣ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਹੀਰਾ ਸਿੰਘ ਗਾਬੜੀਆ, ਸੀਨੀਅਰ ਟਕਸਾਲੀ ਅਕਾਲੀ ਆਗੂ ਗੁਰਦੀਪ ਸਿੰਘ ਲੀਲ ਅਤੇ ਵੈਦ ਜਗਦੀਪ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਇਸ ਦੇ ਵਰਕਰ ਹੀ ਪੰਜਾਬ ਵਾਸੀਆਂ ਦੇ ਦਰਦ ਨੂੰ ਸਮਝਦੇ ਹੋਏ ਪੰਜਾਬ ਵਾਸੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਕਰ ਸਕਦੇ ਹਨ | ਇਸ ਮੌਕੇ ਕੌਂਸਲਰ ਰਖਵਿੰਦਰ ਸਿੰਘ ਗਾਬੜੀਆ, ਰਵਿੰਦਰ ਸਿੰਘ ਮਨਚੰਦਾ, ਪ੍ਰਧਾਨ ਹੁਸ਼ਿਆਰਪੁਰ ਲਖਵਿੰਦਰ ਸਿੰਘ ਲੱਖੀ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ ਰਾਜੂ, ਮੋਟੀ ਬਦੇਸਾ, ਪ੍ਰਧਾਨ ਲਖਵਿੰਦਰ ਸਿੰਘ ਲੱਖੀ ਆਦਿ ਵੀ ਮੌਜੂਦ ਸਨ |