ਲੁਧਿਆਣਾ, 19 ਸਤੰਬਰ (ਜਤਿੰਦਰ ਭੰਬੀ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਆ ਕੇ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬੀਆਂ ਨਾਲ ਦੁੱਖ ਵੰਡਾਇਆ ਅਤੇ ਪ੍ਰਦੇਸ਼ ਕਾਂਗਰਸ ਨੇ ਭੁਪੇਸ਼ ਬੁਘੇਲ ਜਨਰਲ ਸਕੱਤਰ ਕਾਂਗਰਸ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਜੰਗੀ ਪੱਧਰ 'ਤੇ ਲੋਕਾਂ ਨੂੰ ਰਾਹਤ ਪਹੁੰਚਾਉਣ 'ਚ ਨਿਭਾਈ ਸੇਵਾ 'ਤੇ ਸੰਤੁਸ਼ਟੀ ਪ੍ਰਗਟ ਕੀਤੀ | ਇਹ ਸ਼ਬਦ ਸੀਨੀਅਰ ਕਾਂਗਰਸੀ ਆਗੂ, ਕੋਆਰਡੀਨੇਟਰ ਏ.ਆਈ.ਸੀ.ਸੀ ਇੰਚਾਰਜ (ਓ.ਬੀ.ਸੀ) ਹਿਮਾਚਲ ਪ੍ਰਦੇਸ਼ ਕਿ੍ਸ਼ਨ ਕੁਮਾਰ ਬਾਵਾ ਨੇ ਅੱਜ ਹਲਕਾ ਦੱਖਣੀ 'ਚ ਕਾਂਗਰਸੀ ਨੇਤਾ ਰਤਨੇਸ਼ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਸਿਹਤ ਦਾ ਹਾਲ ਪੁੱਛਣ ਸਮੇਂ ਆਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਇਸ ਸਮੇਂ ਕਈ ਨੁਕੜ ਮੀਟਿੰਗਾਂ ਵੀ ਕੀਤੀਆਂ | ਬਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਵਿਚ ਭਾਰਤ ਦੇ ਲੋਕ ਦੇਸ਼ ਦਾ ਭਵਿੱਖ ਦੇਖ ਰਹੇ ਹਨ | ਰਾਹੁਲ ਗਾਂਧੀ ਜਾਤ-ਪਾਤ, ਧਰਮ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ | ਉਨ੍ਹਾਂ ਵਲੋਂ ਕੀਤੀ 3700 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਨੇ ਦੁਨੀਆਂ ਵਿਚ ਭਾਈਚਾਰਕ ਸਾਂਝ ਦੀ ਮਿਸਾਲ ਪੈਦਾ ਕੀਤੀ ਅਤੇ ਭਾਰਤ ਵਿਚ ਅਨੇਕਤਾ ਵਿਚ ਏਕਤਾ ਦਾ ਪ੍ਰਮਾਣ ਦਿੱਤਾ ਹੈ | ਬਾਵਾ ਨੇ ਇਸ ਸਮੇਂ ਹਲਕਾ ਦੱਖਣੀ 'ਚ ਸੜਕਾਂ, ਲਾਈਟਾਂ, ਪਾਣੀ ਦੀ ਨਿਕਾਸੀ, ਲਾਅ ਐਂਡ ਆਰਡਰ ਦੀ ਹਾਲਤ 'ਚ ਆਏ ਨਿਘਾਰ ਦੇ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ 'ਆਪ' ਦੀ ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ ਹੋਈ ਹੈ | ਇਸ ਸਮੇਂ ਸਤੀਸ਼ ਸਿੰਘ ਐਡਵੋਕੇਟ, ਸਲਾਊਦੀਨ ਅਕਬਰ, ਅਮਨ ਤਿਵਾੜੀ, ਰਵੀ ਵਿਵੇਕ ਗੋਲੂ ਆਦਿ ਹਾਜ਼ਰ ਸਨ |