ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਸਟੇਸ਼ਨ 'ਤੇ ਇਕ ਸਾਲ ਦੇ ਬੱਚੇ ਨੂੰ ਦੋ ਦਿਨ ਪਹਿਲਾਂ ਅਗਵਾ ਕਰਨ ਵਾਲੀ ਔਰਤ ਨੂੰ ਪੁਲਿਸ ਨੇ ਉਸ ਦੇ ਸਾਥੀ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਬੱਚੇ ਨੂੰ ਵੀ ਬਰਾਮਦ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਬਲਰਾਮ ਰਾਣਾ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਐਸ.ਐਚ.ਓ. ਪਲਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਅਮਲ 'ਚ ਲਿਆਂਦੀ ਹੈ | ਉਨ੍ਹਾਂ ਦੱਸਿਆ ਕਿ 16 ਸਤੰਬਰ ਦੀ ਰਾਤ ਨੂੰ ਲਾਲਤੀ ਦੇਵੀ ਪਤਨੀ ਆਸ਼ੀਸ਼ ਕੁਮਾਰ ਵਾਸੀ ਉਤਰ ਪ੍ਰਦੇਸ਼ ਆਪਣੇ ਦੋ ਲੜਕਿਆਂ ਸੰਸਕਾਰ ਸਿੰਘ ਉਮਰ 4 ਸਾਲ ਅਤੇ ਰਾਜ ਸਿੰਘ ਉਮਰ ਇਕ ਸਾਲ ਨਾਲ ਰੇਲ ਗੱਡੀ ਰਾਹੀਂ ਲੁਧਿਆਣਾ ਸਟੇਸ਼ਨ 'ਤੇ ਆਈ ਸੀ | ਜ਼ਿਆਦਾ ਰਾਤ ਹੋਣ ਕਾਰਨ ਉਹ ਬੁਕਿੰਗ ਖਿੜਕੀ ਦੇ ਕੋਲ ਹੀ ਆਪਣੇ ਬੱਚਿਆਂ ਨਾਲ ਸੌਂ ਗਈ | ਇਸ ਦੌਰਾਨ ਉਥੇ ਅਨੀਤਾ ਦੇਵੀ ਨੇ ਬੱਚੇ ਰਾਜ ਸਿੰਘ ਨੂੰ ਅਗਵਾ ਕਰ ਲਿਆ | ਜਦੋਂ ਸਵੇਰੇ ਲਾਲਤੀ ਦੇਵੀ ਉਠੀ ਤਾਂ ਰਾਜ ਸਿੰਘ ਉੱਥੇ ਨਹੀਂ ਸੀ, ਜਿਸ 'ਤੇ ਉਸ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ | ਫੁਟੇਜ ਵਿਚ ਪੁਲਿਸ ਅਧਿਕਾਰੀਆਂ ਨੇ ਦੇਖਿਆ ਕਿ ਕਾਲੇ ਰੰਗ ਦਾ ਸੂਟ ਪਾਈ ਔਰਤ ਬੱਚੇ ਨੂੰ ਲਿਜਾਂਦੀ ਦਿਖਾਈ ਦੇ ਰਹੀ ਸੀ, ਜਿਸ 'ਤੇ ਪੁਲਿਸ ਵਲੋਂ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੇ ਅਨੀਤਾ ਯਾਦਵ ਪਤਨੀ ਕਿ੍ਸ਼ਨ ਯਾਦਵ ਵਾਸੀ ਗਿਆਸਪੁਰਾ ਅਤੇ ਉਸ ਦੇ ਸਾਥੀ ਇੰਦਰ ਦੇਵ ਵਾਸੀ ਉਤਰ ਪ੍ਰਦੇਸ਼ ਨੂੰ ਕਾਬੂ ਕੀਤਾ | ਅਨੀਤਾ ਕਥਿਤ ਦੋਸ਼ੀ ਇੰਦਰ ਦੇਵ ਨੂੰ ਆਪਣਾ ਮੂੰਹ ਬੋਲਾ ਭਰਾ ਦੱਸ ਰਹੀ ਹੈ ਅਤੇ ਇਹਨਾਂ ਦੋਵਾਂ ਨੇ ਉਸ ਦਿਨ ਜਲੰਧਰ ਜਾਣਾ ਸੀ, ਇਸ ਕਰਕੇ ਇਹ ਸਟੇਸ਼ਨ 'ਤੇ ਆਏ ਸਨ | ਪੁਲਿਸ ਅਨੁਸਾਰ ਅਨੀਤਾ ਦੇਵੀ ਦੀ ਇਕ ਲੜਕੀ ਹੈ ਅਤੇ ਕੁੱਝ ਸਮਾਂ ਪਹਿਲਾਂ ਉਸਦੇ ਦੋ ਜੁੜਵਾਂ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਉਸ ਨੰੂ ਲੜਕੇ ਦੀ ਇੱਛਾ ਸੀ, ਜਿਸ ਕਾਰਨ ਉਸਨੇ ਇਸ ਬੱਚੇ ਨੂੰ ਅਗਵਾ ਕਰ ਲਿਆ | ਪੁਲਿਸ ਵਲੋਂ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ | ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿਚੋਂ ਅਗਵਾ ਕੀਤਾ ਬੱਚਾ ਵੀ ਬਰਾਮਦ ਕੀਤਾ ਹੈ, ਜਿਸ ਨੂੰ ਕਿ ਪੁਲਿਸ ਨੇ ਬੱਚੇ ਦੀ ਮਾਂ ਹਵਾਲੇ ਕਰ ਦਿੱਤਾ ਹੈ |