ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਡਾ. ਅੰਬੇਡਕਰ ਏਕਤਾ ਮਿਸ਼ਨ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜ ਕੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਖੇਤ ਮਜ਼ਦੂਰਾਂ ਲਈ ਵੀ ਮੁਆਵਜ਼ਾ ਦੇਣ ਦੀ ਮੰਗ ਕੀਤੀ | ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਗਏ ਮੰਗ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਸੰਗਠਨ ਦੇ ਪ੍ਰਧਾਨ ਦੀਪਕ ਹੰਸ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਮੁਆਵਜ਼ਾ ਮਿਲ ਰਿਹਾ ਹੈ, ਪਰ ਕਿਸੇ ਵੀ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬੇਜ਼ਮੀਨੇ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਵੱਲ ਕੋਈ ਧਿਆਨ ਨਹੀਂ ਦਿੱਤਾ | ਇਸ ਵਾਰ ਵੀ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇ ਰਹੀ ਹੈ, ਪਰ ਮਜ਼ਦੂਰਾਂ ਦੇ ਨੁਕਸਾਨ ਦੀ ਭਰਪਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਦਕਿ ਸਭ ਤੋਂ ਵੱਧ ਲੋੜ ਹੜ੍ਹਾਂ ਤੋਂ ਪ੍ਰਭਾਵਿਤ ਮਜ਼ਦੂਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਹੈ | ਦੀਪਕ ਹੰਸ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਮਜ਼ਦੂਰਾਂ ਦੇ ਪੁਨਰਵਾਸ ਲਈ ਜਲਦੀ ਵਿੱਤੀ ਪੈਕੇਜਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ, ਤਾਂ ਕਿ ਜੋ ਹੜ੍ਹ ਕਾਰਨ ਢਹਿ ਗਏ ਮਜ਼ਦੂਰਾਂ ਦੇ ਘਰਾਂ ਦੀ ਮੁਰੰਮਤ ਦੇ ਨਾਲ-ਨਾਲ ਉਨ੍ਹਾਂ ਦੇ ਘਰੇਲੂ ਸਾਮਾਨ ਦਾ ਪ੍ਰਬੰਧ ਕੀਤਾ ਜਾ ਸਕੇ | ਇਸ ਮੌਕੇ ਐਡਵੋਕੇਟ ਦੀਪਕ ਪੁੰਬਕ, ਐਡਵੋਕੇਟ ਵਿਜੇ ਸੱਭਰਵਾਲ, ਐਡਵੋਕੇਟ ਮਨਜਿੰਦਰ ਸਿੰਘ, ਐਡਵੋਕੇਟ ਜਿੰਮੀ ਜੇਮਸਨ, ਨੀਸ਼ੂ ਭੰਗਾਨੀਆ, ਵਿਜੇ ਹੰਸ ਕਾਲੀ, ਸੰਨੀ ਹੰਸ, ਅਰੁਣ ਮਨਚੰਦਾ, ਕਾਲੂ, ਅਨਿਲ ਘਈ, ਰਵੀ ਕੁਮਾਰ, ਰਾਜ ਗਿੱਲ, ਦੀਪਾ ਬੱਤਰਾ, ਸੰਨੀ ਪਵਾਰ, ਮੋਨੂੰ ਸ਼ਰਮਾ, ਐਚ.ਪੀ. ਸਿੰਘ ਆਦਿ ਵੀ ਮੌਜੂਦ ਸਨ |