ਚੰਡੀਗੜ੍ਹ, 29 ਅਗਸਤ (ਸੰਦੀਪ ਕੁਮਾਰ ਮਾਹਨਾ)-ਬੱਚਿਆਂ ਵਿਚ ਵਿਆਹਰਿਕ ਤਬਦੀਲੀ ਅਤੇ ਵਾਤਾਵਰਨ ਜ਼ਿੰਮੇਵਾਰੀ ਵਧਾਉਣ ਲਈ ਚੰਡੀਗੜ੍ਹ ਨਗਰ ਨਿਗਮ ਵਲੋਂ ਅੱਜ ਧਨਾਸ ਸਥਿਤ ਪੀ.ਐਮ ਸ਼੍ਰੀ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਸਵੱਛਤਾ ਕੀ ਕਾਰਯਸ਼ਾਲਾ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੁਹਿੰਮ ਦਾ ਉਦਘਾਟਨ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕੀਤਾ, ਜਿਸ ਦਾ ਮੁੱਖ ਮਕਸਦ ਨੌਜਵਾਨ ਵਿਦਿਆਰਥੀਆਂ ਨੂੰ ਸਵੱਛਤਾ ਅਤੇ ਸਥਿਰਤਾ ਦੇ ਚੈਂਪੀਅਨ ਬਣਾਉਣਾ ਹੈ | ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਵੀਨਤਮ ਸੂਤਰ 10 X 10 = 100 ਦੀ ਜਾਣਕਾਰੀ ਦਿੱਤੀ, ਜਿੱਥੇ 10 ਲੋਕ ਮਿਲ ਕੇ ਹਰ 10 ਮਿੰਟ ਆਪਣੇ ਆਲੇ-ਦੁਆਲੇ ਸਫ਼ਾਈ ਕਰਨ ਲਈ ਸਮਰਪਿਤ ਕਰਦੇ ਹਨ ਤਾਂ ਉਹ 100 ਮੀਟਰ ਖੇਤਰ ਨੂੰ ਕੂੜਾ-ਕਰਕਟ ਮੁਕਤ ਰੱਖ ਸਕਦੇ ਹਨ | ਇਹ ਛੋਟੇ, ਲਗਾਤਾਰ ਕਦਮ ਸਮੂਹਿਕ ਸਵੱਛਤਾ ਵਿਚ ਵੱਡਾ ਬਦਲਾਅ ਲਿਆ ਸਕਦੇ ਹਨ | ਨਿਗਮ ਕਮਿਸ਼ਨਰ ਨੇ ਸੋਰਸ ਸੈਗਰੀਗੇਸ਼ਨ (ਕੂੜੇ ਦੀ ਵੰਡ) ਦੀ ਮਹੱਤਤਾ ਨੂੰ ਵੀ ਰੋਸ਼ਨ ਕੀਤਾ ਅਤੇ ਕੂੜੇ ਨੂੰ ਚਾਰ ਸ਼੍ਰੇਣੀਆਂ ਵਿਚ ਵੰਡਣ ਦੀ ਸਿਫ਼ਾਰਿਸ਼ ਕੀਤੀ ਤਾਂ ਜੋ ਰੀਸਾਈਕਲਿੰਗ ਅਤੇ ਨਿਵਾਰਨ ਸਹੀ ਢੰਗ ਨਾਲ ਹੋ ਸਕੇ | ਉਨ੍ਹਾਂ ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ ਘਰੇਲੂ ਕੰਪੋਸਟਿੰਗ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ, ਜਿਸ ਨਾਲ ਲੈਂਡਫਿਲ ਬੋਝ ਘਟੇਗਾ ਅਤੇ ਸਰਕੂਲਰ ਵੈਸਟ ਮੈਨੇਜਮੈਂਟ ਨੂੰ ਹੁੰਗਾਰਾ ਮਿਲੇਗਾ | 'ਸਵੱਛਤਾ ਕੀ ਕਾਰਯਸ਼ਾਲਾ' ਨੂੰ ਯੂ.ਟੀ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿਚ ਨਿਗਮ ਦੀਆਂ ਟੀਮਾਂ ਵਲੋਂ ਲਾਗੂ ਕੀਤਾ ਜਾਵੇਗਾ | ਮੁੱਖ ਥੀਮਾਂ ਵਿਚ ਸੋਰਸ ਸੈਗਰੀਗੇਸ਼ਨ, ਘਰੇਲੂ ਕੰਪੋਸਟਿੰਗ, ਸਿੰਗਲ-ਯੂਜ਼ ਪਲਾਸਟਿਕ ਘਟਾਉਣ ਅਤੇ ਆਰ.ਆਰ.ਆਰ (ਘਟਾਓ, ਦੁਬਾਰਾ ਵਰਤੋ, ਰੀਸਾਈਕਲ ਕਰੋ) ਨੀਤੀ ਦਾ ਫ਼ਾਰਮੂਲਾ ਸ਼ਾਮਲ ਹੈ | ਇਸ ਸਮਾਗਮ 'ਚ ਵਿਦਿਆਰਥੀਆਂ ਨੇ 'ਸਵੱਛਤਾ ਕੇ ਚਾਰ ਰੰਗ' ਥੀਮ 'ਤੇ ਨੁੱਕੜ ਨਾਟਕ ਸਮੇਤ ਰੰਗੀਨ ਪੇਸ਼ਕਾਰੀਆਂ ਦਿੱਤੀਆਂ, ਜਿਸ ਨਾਲ ਸਵੱਛਤਾ ਦੇ ਮਹੱਤਵ ਨੂੰ ਸਿਰਜਣਾਤਮਕ ਢੰਗ ਨਾਲ ਦਰਸਾਇਆ ਗਿਆ | ਨਿਗਮ ਟੀਮਾਂ ਨੇ ਕੂੜੇ ਦੀ ਵੰਡ ਅਤੇ ਕੰਪੋਸਟਿੰਗ ਤਕਨੀਕਾਂ ਤੇ ਲਾਈਵ ਡੈਮੋਨਸਟਰਸ਼ਨ ਕਰਵਾਏ, ਜਿਸ ਨਾਲ ਵਿਦਿਆਰਥੀ ਪ੍ਰੇਰਿਤ ਅਤੇ ਜਾਣੂ ਹੋਏ | ਇਹ ਮੁਹਿੰਮ ਚੰਡੀਗੜ੍ਹ ਨੂੰ ਸਾਫ਼ ਅਤੇ ਹਰਾ-ਭਰਾ ਬਣਾਉਣ ਲਈ ਨੌਜਵਾਨਾਂ ਦੇ ਸਹਿਯੋਗ ਨਾਲ ਇੱਕ ਸਾਂਝਾ ਕਦਮ ਹੈ |