ਐੱਸ. ਏ. ਐੱਸ. ਨਗਰ, 19 ਸਤੰਬਰ (ਕਪਿਲ ਵਧਵਾ)-ਥਾਣਾ ਸੋਹਾਣਾ ਦੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਅੰਮਿ੍ਤਸਰ ਦੇ ਰਹਿਣ ਵਾਲੇ ਨਵਜੋਤ ਸਿੰਘ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਔਰਤ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਉਕਤ ਮੁਲਜ਼ਮ ਨੇ ਨਾ ਸਿਰਫ਼ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜਨਾਹ ਕੀਤਾ, ਸਗੋਂ ਉਸ ਦੀ ਮਰਜ਼ੀ ਵਿਰੁੱਧ ਗਰਭਪਾਤ ਵੀ ਕਰਵਾਇਆ | ਪੀੜਤਾ ਅਨੁਸਾਰ ਉਸ ਦਾ ਸਾਲ 2023 ਵਿਚ ਤਲਾਕ ਹੋ ਗਿਆ ਸੀ ਅਤੇ ਉਸ ਦੇ ਦੋ ਬੱਚੇ ਹਨ | ਉਹ ਡੇਢ ਸਾਲ ਪਹਿਲਾਂ ਨਵਜੋਤ ਸਿੰਘ ਨੂੰ ਮਿਲੀ ਸੀ ਅਤੇ ਉਸ ਸਮੇਂ ਉਸ ਨੇ ਮੁਲਜ਼ਮ ਨੂੰ ਆਪਣੇ ਤਲਾਕ ਅਤੇ ਬੱਚਿਆਂ ਬਾਰੇ ਸੱਚ ਦੱਸਿਆ ਸੀ ਅਤੇ ਨਵਜੋਤ ਨੇ ਉਸ ਨਾਲ ਵਿਆਹ ਕਰਵਾਉਣ ਅਤੇ ਉਸ ਦੇ ਬੱਚਿਆਂ ਨੂੰ ਗੋਦ ਲੈਣ ਦਾ ਵਾਅਦਾ ਕੀਤਾ ਸੀ | ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮ ਨੇ ਇਸ ਵਾਅਦੇ ਦਾ ਹਵਾਲਾ ਦਿੰਦੇ ਹੋਏ ਉਸ ਦੀ ਮਰਜ਼ੀ ਵਿਰੁੱਧ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੂੰ ਗਰਭਪਾਤ ਕਰਵਾਉਣ ਲਈ ਮਜ਼ਬੂਰ ਕੀਤਾ | ਬਾਅਦ ਵਿਚ ਮੁਲਜ਼ਮ ਨੇ ਉਸ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ | ਪ੍ਰੇਸ਼ਾਨ ਔਰਤ ਨੇ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ | ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਨਵਜੋਤ ਸਿੰਘ ਵਿਰੁੱਧ ਸੰਬੰਧਤ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |