ਪੰਜਾਬ ਦੇ ਹੜ੍ਹਾਂ ਨੂੰ ਰਾਸ਼ਟਰੀ ਆਫ਼ਤ ਐਲਾਨਿਆ ਗਿਆ
ਅਜੀਤ ਡੈਸਕ
20-09-2025
ਚੰਡੀਗੜ੍ਹ, 19 ਸਤੰਬਰ (ਅਜਾਇਬ ਸਿੰਘ ਔਜਲਾ)-ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਸਰਕਾਰ ਵਲੋਂ ਈ-ਸਾਕਸ਼ੀ ਪੋਰਟਲ 'ਤੇ ਪੰਜਾਬ ਦੇ ਹੜ੍ਹਾਂ ਨੂੰ ਰਾਸ਼ਟਰੀ ਆਫ਼ਤ ਵਜੋਂ ਸੂਚੀਬੱਧ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ | ਡਾ. ਸਾਹਨੀ ਵਲੋਂ ਰਾਓ ਇੰਦਰਜੀਤ ਸਿੰਘ, ਰਾਜ ਮੰਤਰੀ (ਸੁਤੰਤਰ ਚਾਰਜ), ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਹੜ੍ਹਾਂ ਨੂੰ ਤੁਰੰਤ ਰਾਸ਼ਟਰੀ ਆਫ਼ਤ ਐਲਾਨਿਆ ਜਾਵੇ ਤੇ ਹੜ੍ਹ ਰਾਹਤ ਲਈ ਪੰਜਾਬ ਨੂੰ ਐਮ.ਪੀ ਲੈਡ ਫੰਡ ਜਾਰੀ ਕਰਨ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਲਗਭਗ 2,300 ਪਿੰਡਾਂ ਵਿਚ ਹੋਈ ਤਬਾਹੀ ਦਾ ਤੁਰੰਤ ਹੱਲ ਕੀਤਾ ਜਾ ਸਕੇ | ਡਾ. ਸਾਹਨੀ ਨੇ ਦੱਸਿਆ ਕਿ ਇਸ ਸੂਚੀ ਦੇ ਨਾਲ, ਭਾਰਤ ਭਰ ਦੇ ਸਾਰੇ ਸੰਸਦ ਮੈਂਬਰ ਹੁਣ ਆਪਣੇ ਐਮ.ਪੀ.ਲੈਡ ਫੰਡਾਂ ਰਾਹੀਂ ਪੰਜਾਬ ਹੜ੍ਹ ਰਾਹਤ ਵਿਚ ਯੋਗਦਾਨ ਪਾਉਣ ਲਈ ਅਧਿਕਾਰਤ ਹਨ | ਡਾ. ਸਾਹਨੀ ਨੇ ਕਿਹਾ ਕਿ ਉਹ ਆਪਣੇ ਸਾਰੇ ਸਾਥੀ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਹੜ੍ਹਾਂ ਲਈ ਆਪਣੇ ਸੰਸਦ ਫੰਡਾਂ ਵਿੱਚੋਂ ਖੁੱਲ੍ਹੇ ਦਿਲ ਨਾਲ ਫੰਡ ਅਲਾਟ ਕਰਨ ਲਈ ਲਿਖ ਰਹੇ ਹਨ, ਤਾਂ ਜੋ ਅਸੀਂ ਸਮੂਹਿਕ ਤੌਰ 'ਤੇ ਪੰਜਾਬ ਦਾ ਪੁਨਰ ਨਿਰਮਾਣ ਕਰ ਸਕੀਏ, ਆਪਣੇ ਕਿਸਾਨਾਂ ਦੀ ਰੋਜ਼ੀ-ਰੋਟੀ ਬਹਾਲ ਕਰ ਸਕੀਏ ਅਤੇ ਇਸ ਬੇਮਿਸਾਲ ਆਫ਼ਤ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰ ਸਕੀਏ |