ਚੰਡੀਗੜ੍ਹ, 19 ਸਤੰਬਰ (ਕਪਿਲ ਵਧਵਾ)-ਸ਼ੁੱਕਰਵਾਰ ਸਵੇਰੇ ਰਾਮ ਦਰਬਾਰ ਉਦਯੋਗਿਕ ਖੇਤਰ, ਫੇਜ਼-2 ਦੇ ਪਲਾਟ ਨੰਬਰ 98 'ਤੇ ਸਥਿਤ ਇਕ ਕੈਮੀਕਲ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ | ਅੱਗ ਸਵੇਰੇ 11 ਵਜੇ ਦੇ ਕਰੀਬ ਲੱਗੀ | ਜਿਸ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ | ਸੂਚਨਾ ਮਿਲਣ 'ਤੇ ਨਜ਼ਦੀਕੀ ਫਾਇਰ ਸਟੇਸ਼ਨ ਤੋਂ ਦੋ ਫਾਇਰ ਬਿ੍ਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ | ਇਸ ਮੌਕੇ ਚਾਰ ਘੰਟਿਆਂ ਦੀ ਸਖ਼ਤ ਕੋਸ਼ਿਸ਼ ਤੋਂ ਬਾਅਦ, ਫਾਇਰ ਵਿਭਾਗ ਨੇ ਦੁਪਹਿਰ 3 ਵਜੇ ਦੇ ਕਰੀਬ ਉਕਤ ਅੱਗ 'ਤੇ ਕਾਬੂ ਪਾਇਆ | ਅਧਿਕਾਰੀਆਂ ਅਨੁਸਾਰ, ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਫ਼ੈਕਟਰੀ ਦੇ ਅੰਦਰ ਮੌਜੂਦ ਸਾਰੇ ਕਰਮਚਾਰੀਆਂ ਨੂੰ ਸਮੇਂ ਸਿਰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ | ਹਾਲਾਂਕਿ, ਫ਼ੈਕਟਰੀ ਦੇ ਅੰਦਰ ਸਟੋਰ ਕੀਤਾ ਜ਼ਿਆਦਾਤਰ ਸਾਮਾਨ ਅੱਗ ਦੀਆਂ ਲਪਟਾਂ ਵਿਚ ਸੜ ਕੇ ਸਵਾਹ ਹੋ ਗਿਆ | ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ ਲਈ ਬਾਕੀ ਨੇੜਲੇ ਫਾਇਰ ਸਟੇਸ਼ਨਾਂ ਤੋਂ ਵਾਧੂ ਫਾਇਰ ਇੰਜਣਾਂ ਨੂੰ ਬੁਲਾਉਣਾ ਪਿਆ | ਰਾਮ ਦਰਬਾਰ ਤੋਂ ਇਲਾਵਾ, ਇੰਡਸਟਰੀਅਲ ਏਰੀਆ ਫੇਜ਼-1 ਅਤੇ ਸੈਕਟਰ-32 ਫਾਇਰ ਸਟੇਸ਼ਨਾਂ ਤੋਂ ਵੀ ਫਾਇਰ ਇੰਜਣਾਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ | ਫਾਇਰਫਾਈਟਰਾਂ ਨੇ ਜਾਨ ਦੀ ਬਾਜ਼ੀ ਲਗਾ ਕੇ ਘੰਟਿਆਂ ਦੀ ਲਗਾਤਾਰ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਇਸ ਘਟਨਾ ਸਬੰਧੀ ਗੱਲਬਾਤ ਕਰਦਿਆਂ ਇਕ ਫਾਇਰ ਫਾਈਟਰ ਇੰਜਣ ਦੇ ਇੰਚਾਰਜ ਨੇ ਇਸ ਅੱਗ ਨੂੰ ਮੇਜਰ ਫਾਇਰ ਕਾਲ ਦੱਸਿਆ | ਉਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਕਾਰਨ ਫਿਲਹਾਲ ਅਣਜਾਣ ਹੈ | ਇਸ ਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਸਹੀ ਕਾਰਨ ਦਾ ਪਤਾ ਲਗਾਉਣ ਅਤੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਇਕ ਵਿਸਤਿ੍ਤ ਜਾਂਚ ਕੀਤੀ ਜਾਵੇਗੀ |