ਚੰਡੀਗੜ੍ਹ, 19 ਸਤੰਬਰ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਇਲੈਕਟਿ੍ਕਲ ਇੰਜੀਨੀਅਰਿੰਗ ਵਿਭਾਗ ਵਿਖੇ 'ਆਓ ਊਰਜਾ ਤਬਦੀਲੀ ਬਾਰੇ ਗੱਲ ਕਰੀਏ' ਵਿਸ਼ੇ 'ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਜਿਸ 'ਚ ਆਸ਼ੀਸ਼ ਜੈਨ ਡਾਇਰੈਕਟਰ ਓ.ਐਨ.ਜੀ.ਸੀ ਨੇ ਵਾਤਾਵਰਨ ਅਤੇ ਸਮਾਜਕ ਚੁਣੌਤੀਆਂ 'ਤੇ ਗੱਲ ਕੀਤੀ ਅਤੇ ਸਾਫ਼ ਕੀਤਾ ਕਿ ਊਰਜਾ ਬਦਲਾਅ ਅੱਜ ਦੀ ਲੋੜ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਂਕਰਨਯੋਗ ਊਰਜਾ ਆਧਾਰਤ ਭਵਿੱਖ ਵੱਲ ਲੈ ਕੇ ਜਾਣ ਲਈ ਪ੍ਰੇਰਿਤ ਕੀਤਾ | ਦਿਨ ਦੀ ਸ਼ੁਰੂਆਤ ਪ੍ਰੋਡਕਸ਼ਨ ਅਤੇ ਇੰਡਸਟਰੀਅਲ ਇੰਜੀਨੀਅਰਿੰਗ ਵਿਭਾਗ ਦੇ ਡਾ. ਧਰਿੰਦਰ ਤਿਆਲ ਡਾਇਰੈਕਟਰ ਅਨੋਵਸ ਕਲੀਨਿਕਲ ਰਿਸਰਚ ਚੰਡੀਗੜ੍ਹ ਦੇ ਭਾਸ਼ਣ ਨਾਲ ਹੋਈ | ਡਾ. ਐਸ. ਸੀ. ਸ਼ਰਮਾ ਸਾਬਕਾ ਵਿਗਿਆਨੀ ਇਸਰੋ ਨੇ 20ਵੀਂ ਸਦੀ ਦੀਆਂ ਏਅਰਕ੍ਰਾਫਟ ਟੈਕਨੋਲੋਜੀਆਂ ਦੇ ਵਿਕਾਸ ਬਾਰੇ ਚਰਚਾ ਕੀਤੀ | ਦੀਪਕ ਲੇਖੀ ਵਿਗਿਆਨੀ ਡੀ.ਆਰ.ਡੀ.ਓ ਨੇ ਆਪਣੇ ਪੇਸ਼ੇਵਰ ਸਫ਼ਰ ਨੂੰ ਸਾਂਝਾ ਕੀਤਾ | ਵਿਕਰਾਂਤ ਸਤਿਆ ਸਾਬਕਾ ਵਿਗਿਆਨੀ ਅਤੇ ਪ੍ਰੋਜੈਕਟ ਡਾਇਰੈਕਟਰ ਡੀ.ਆਰ.ਡੀ.ਓ ਨੇ ਸਵਦੇਸ਼ੀਕਰਨ ਅਤੇ ਆਤਮਨਿਰਭਰਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ |