ਚੰਡੀਗੜ੍ਹ, 20 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਰੋਕਣ ਅਤੇ ਸੈਨੇਟ ਚੋਣਾਂ ਕਰਵਾਉਣ ਲਈ ਕੀਤੇ ਸੰਘਰਸ਼ ਕਾਰਨ ਅਸ਼ਮੀਤ ਸਿੰਘ ਸਮੇਤ 12 ਹੋਰ ਵਿਦਿਆਰਥੀਆਂ ਉੱਪਰ ਪਰਚਾ 13 ਨਵੰਬਰ 2013 ਨੂੰ ਦਰਜ ਕੀਤਾ ਗਿਆ ਸੀ | ਇਸ ਪਰਚੇ ਵਿਚ ਮੁੱਖ ਸੂਤਰਧਾਰ ਅਸ਼ਮੀਤ ਸਿੰਘ ਨੂੰ ਬਣਾਇਆ ਗਿਆ | ਇਸ ਮਾਮਲੇ ਵਿਚ ਯੂਨੀਵਰਸਿਟੀ ਵਲੋਂ ਪਰਚਾ ਵਾਪਸ ਲੈਣ ਦੀ ਗੱਲ ਤਿੰਨ ਵਾਰ ਲਿਖਤ ਵਿਚ ਮੰਨੀ ਗਈ | ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਰਚਾ ਵਾਪਸ ਨਹੀਂ ਲਿਆ ਅਤੇ ਪੁਲਿਸ ਵਲੋਂ 26 ਅਗਸਤ ਨੂੰ ਚਲਾਨ ਪੇਸ਼ ਕੀਤਾ ਗਿਆ | ਜ਼ਿਲ੍ਹਾ ਅਦਾਲਤ ਨੇ ਅੱਜ ਕੇਸ ਦੀ ਅਗਲੀ ਤਾਰੀਕ 29 ਨਵੰਬਰ ਪਾ ਦਿੱਤੀ ਗਈ | ਇਸ ਮੌਕੇ ਅਸਮੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਪਰਚਿਆਂ ਅਤੇ ਅਦਾਲਤੀ ਕਾਰਵਾਈਆਂ ਨਾਲ ਯੂਨੀਵਰਸਿਟੀ ਦੇ ਕੇਂਦਰੀਕਰਨ ਖ਼ਿਲਾਫ਼ ਸੱਥ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਦੱਬਿਆ ਜਾ ਸਕਦਾ ਹੈ ਤਾਂ ਇਹ ਉਨ੍ਹਾਂ ਦਾ ਭੁਲੇਖਾ ਹੋਵੇਗਾ | ਯੂਨੀਵਰਸਿਟੀ ਦੇ ਕੇਂਦਰੀਕਰਨ ਖ਼ਿਲਾਫ਼ ਅਤੇ ਸੈਨੇਟ ਨੂੰ ਬਚਾਉਣ ਲਈ ਸੱਥ ਵਲੋਂ ਸੰਘਰਸ਼ ਜਾਰੀ ਰਹੇਗਾ | ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀ ਕੌਂਸਲ ਚੋਣਾਂ ਵਿਚ ਵਿਦਿਆਰਥੀ ਜਥੇਬੰਦੀ 'ਸੱਥ' ਦੁਆਰਾ ਅਸ਼ਮੀਤ ਸਿੰਘ ਨੂੰ ਉਪ-ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਸੀ ਜੋ ਕਿ ਜੇਤੂ ਰਹੇ ਸਨ |