ਸ੍ਰੀ ਅਨੰਦਪੁਰ ਸਾਹਿਬ/ਕੀਰਤਪੁਰ ਸਾਹਿਬ, 30 ਅਗਸਤ (ਜੇ ਐਸ ਨਿੱਕੂਵਾਲ/ਸੰਨੀ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਸਤਲੁਜ ਦਰਿਆ ਕੰਢੇ ਵੱਸਦੇ ਪਿੰਡ ਗੱਜਪੁਰ ਬੇਲਾ, ਸ਼ਾਹਪੁਰ ਬੇਲਾ, ਚੰਦਪੁਰ ਬੇਲਾ ਅਤੇ ਹਰੀਵਾਲ ਦਾ ਦੌਰਾ ਕਰਕੇ ਸਤਲੁਜ ਦਰਿਆ ਦੇ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ | ਸਾਬਕਾ ਸਪੀਕਰ ਰਾਣਾ ਨੇ ਸੂਬਾ ਸਰਕਾਰ 'ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ 2023 ਵਿਚ ਆਏ ਹੜ੍ਹਾਂ ਦਾ ਹੁਣ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਅਤੇ ਹੁਣ ਇੱਕ ਵਾਰ ਫਿਰ ਹੜ੍ਹ ਦੀ ਆਫ਼ਤ ਨੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਅਜੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ ਅਤੇ ਨਾ ਹੀ ਇਲਾਕੇ ਦੇ ਲੋਕਾਂ ਦੇ ਦੁੱਖ-ਦਰਦ ਸਰਕਾਰ ਨੇ ਸੁਣੇ ਹਨ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਗਰਦਾਵਰੀ ਕਰਵਾ ਕੇ ਰਾਹਤ ਮੁਹੱਈਆ ਕਰਵਾਏ | ਉਨ੍ਹਾਂ ਚਿਤਾਵਨੀ ਦਿੱਤੀ ਕਿ ਪਿੰਡ ਸ਼ਾਹਪੁਰ ਬੇਲਾ ਅਤੇ ਚੰਦਰ ਬੇਲਾ ਵਿਖੇ ਲੱਗੇ ਡੰਗੇ ਰੁੜ੍ਹਦੇ ਜਾ ਰਹੇ ਹਨ, ਜੇਕਰ ਉਨ੍ਹਾਂ ਦੀ ਰੋਕਥਾਮ ਨਾ ਕੀਤੀ ਗਈ ਤਾਂ ਭਾਖੜੇ ਤੋਂ ਹੋਰ ਪਾਣੀ ਛੱਡੇ ਜਾਣ ਜਾਂ ਸਵਾਂ ਨਦੀ ਵਿਚ ਪਾਣੀ ਆਉਣ ਦੀ ਸਥਿਤੀ ਵਿਚ ਪਾਣੀ ਦਾ ਵਹਾਅ ਸਿੱਧਾ ਰਹਾਇਸ਼ੀ ਇਲਾਕਿਆਂ ਵੱਲ ਵੱਧ ਜਾਵੇਗਾ | ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਡਿਗਦੇ ਡੰਗਿਆਂ ਦੀ ਮੁਰੰਮਤ ਸ਼ੁਰੂ ਕਰਨੀ ਚਾਹੀਦੀ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਤੁਰੰਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਖ਼ਾਸ ਰਾਹਤ ਪੈਕਜ ਜਾਰੀ ਕਰੇ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਕੁੱਝ ਨਾ ਕੁੱਝ ਮੁਆਵਜ਼ਾ ਮਿਲ ਸਕੇ | ਉਨ੍ਹਾਂ ਕਿਹਾ ਕਿ ਅਗੰਮਪੁਰ ਪੁਲ ਦੀ ਮੁਰੰਮਤ ਅਤੇ ਸਾਰੀ ਸੜਕ ਦੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸੰਤਾਂ ਮਹਾਂ ਪੁਰਸ਼ਾਂ ਵਲੋਂ ਕੀਤੀ ਜਾ ਰਹੀ ਹੈ | ਜਦੋਂਕਿ ਇਹ ਕੰਮ ਸਰਕਾਰਾਂ ਦਾ ਹੁੰਦਾ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਦਿੱਤੀ ਕਿ ਡੰਗਿਆਂ ਦਾ ਕੰਮ ਪਹਿਲਾ ਦੇ ਆਧਾਰ ਤੇ ਕੀਤਾ ਜਾਵੇ | ਇਸ ਮੌਕੇ ਸਾਬਕਾ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਗੁਰਬੀਰ ਸਿੰਘ ਗੱਜਪੁਰ, ਹਿਮਾਂਸ਼ੂ ਟੰਡਨ, ਕਾਬਲ ਰਾਣਾ, ਡਾ. ਸਰਬਣ ਸਿੰਘ, ਦਵਿੰਦਰ ਸਿੰਘ ਛੰਮਾ, ਮਨਿੰਦਰ ਸਿੰਘ, ਜ਼ਸਪਾਲ ਸਿੰਘ, ਗੁਰਪਾਲ ਸਿੰਘ ਕਾਕੂ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |