ਸ੍ਰੀ ਅਨੰਦਪੁਰ ਸਾਹਿਬ, 30 ਅਗਸਤ (ਕਰਨੈਲ ਸਿੰਘ)-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਸਤਲੁਜ ਦਰਿਆ ਨਾਲ ਜੁੜੇ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਨੇ ਚੰਦਪੁਰ ਬੇਲਾ, ਬੁਰਜ, ਗੱਜਪੁਰ ਅਤੇ ਹਰੀਵਾਲ ਪਿੰਡਾਂ ਵਿਚ ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਖੇਤੀਬਾੜੀ ਅਤੇ ਪਸ਼ੂਆਂ ਦੇ ਚਾਰੇ ਨੂੰ ਹੋਏ ਨੁਕਸਾਨ ਬਾਰੇ ਜਾਣਕਾਰੀ ਇਕੱਤਰ ਕੀਤੀ | ਡਾ. ਚੀਮਾ ਪਿੰਡ ਹਰੀਵਾਲ ਦੇ ਨਿਵਾਸੀ ਨਿਰਮਲ ਸਿੰਘ ਹਰੀਵਾਲ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਲੋਕਾਂ ਨਾਲ ਬੈਠ ਕੇ ਦਰਿਆ ਦੇ ਵਾਧੂ ਪਾਣੀ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਲਈ | ਲੋਕਾਂ ਨੇ ਕਿਹਾ ਕਿ ਇਸ ਵਾਰ ਸਤਲੁਜ ਦਰਿਆ ਦੇ ਵਾਧੂ ਪਾਣੀ ਨਾਲ ਮੁੱਖ ਤੌਰ 'ਤੇ ਫ਼ਸਲਾਂ ਨੂੰ ਬੜਾ ਨੁਕਸਾਨ ਹੋਇਆ ਹੈ, ਇਸਦੇ ਨਾਲ ਹੀ ਪਸ਼ੂਆਂ ਦਾ ਚਾਰਾ ਵੀ ਜਲਮਗਨ ਹੋ ਗਿਆ, ਜਿਸ ਨਾਲ ਪਸ਼ੂਆਂ ਦੇ ਚਾਰੇ ਦੀ ਕਮੀ ਆ ਗਈ ਹੈ | ਡਾ. ਚੀਮਾ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਕਿਹਾ ਕਿ ਪਸ਼ੂਆਂ ਦੇ ਚਾਰੇ ਦੀ ਘਾਟ ਪੂਰੀ ਕਰਨ, ਟੁੱਟੀਆਂ ਸੜਕਾਂ ਨੂੰ ਠੀਕ ਕਰਨ ਲਈ ਸਰਕਾਰ ਤੇ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੋਇਆ | ਉਨ੍ਹਾਂ ਕਿਹਾ ਕਿ ਹਰ ਸਾਲ ਪੈਣ ਵਾਲੀ ਸਤਲੁਜ ਦੀ ਮਾਰ ਨੂੰ ਰੋਕਣ ਲਈ ਸਰਕਾਰ ਨੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਟੁੱਟੇ ਹੋਏ ਡੰਗਿਆਂ, ਟੁੱਟੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ, ਅਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਸਥਾਨਕ ਲੋਕਾਂ, ਕਿਸਾਨਾਂ ਅਤੇ ਪਸ਼ੂਆਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਐਜੈਕਟਿਵ ਮੈਂਬਰ ਦਲਜੀਤ ਸਿੰਘ ਭਿੰਡਰ, ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਜਥੇਦਾਰ ਸੁਰਿੰਦਰ ਸਿੰਘ ਮਟੌਰ, ਡਾ. ਰਾਮ ਆਸਰਾ, ਸਤਨਾਮ ਸਿੰਘ ਝੱਜ, ਹੁਸਨ ਚੰਦ ਮਠਾਣ, ਜਸਵੰਤ ਸਿੰਘ, ਦੋਲਤ ਰਾਮ, ਸੋਹਣ ਸਿੰਘ, ਮੰਗਲ ਸਿੰਘ, ਬਲਦੇਵ ਸਿੰਘ ਨਿੱਕੂਵਾਲ, ਰਘਵੀਰ ਸਿੰਘ ਰਾਣੂ ਹਰੀਵਾਲ ਅਤੇ ਸਾਬਕਾ ਸਰਪੰਚ ਗੁਰਬਚਨ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ |