ਰੂਪਨਗਰ, 19 ਸਤੰਬਰ (ਸਤਨਾਮ ਸਿੰਘ ਸੱਤੀ)-ਬੀਤੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਸਤਲੁਜ ਦਰਿਆ ਵਿਚ ਹੜ੍ਹ ਆਉਣ ਨਾਲ ਦਰਿਆ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੀ ਫ਼ਸਲ ਬਰਬਾਦ ਹੋ ਗਈ ਹੈ | ਇਸ ਸਬੰਧੀ ਮਾਲ ਮਹਿਕਮੇ ਵਲੋਂ ਗਿਰਦਾਵਰੀ ਦਾ ਕੰਮ ਚੱਲ ਰਿਹਾ ਹੈ, ਪਰ ਪਟਵਾਰੀਆਂ ਵਲੋਂ ਗੰਨੇ ਅਤੇ ਮੱਕੀ ਦੀ ਗਿਰਦਾਵਰੀ ਨਾ ਕਰਨ ਕਾਰਨ ਕਿਸਾਨਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਸੀ | ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਮੀਟਿੰਗ ਕਰਕੇ ਮੰਗ ਪੱਤਰ ਦਿੱਤਾ ਗਿਆ ਕਿ ਝੋਨੇ ਦੀ ਬਦਲੀ ਫ਼ਸਲਾਂ, ਜਿਵੇਂ ਕਿ ਗੰਨਾ ਅਤੇ ਮੱਕੀ, ਜੋ ਕਿ ਪਾਪੂਲਰ ਦੇ ਖੇਤਾਂ ਵਿਚ ਲੱਗੀਆਂ ਹੋਈਆਂ ਹਨ, ਦੀ ਵੀ ਗਿਰਦਾਵਰੀ ਕਰਵਾਈ ਜਾਵੇ | ਡੀ.ਸੀ. ਰੂਪਨਗਰ ਨੇ ਭਰੋਸਾ ਦਿੱਤਾ ਕਿ ਜਿਹੜੀਆਂ ਵੀ ਫ਼ਸਲਾਂ ਖ਼ਰਾਬ ਹੋਈਆਂ ਹਨ, ਉਨ੍ਹਾਂ ਦਾ ਮੁਆਵਜ਼ਾ ਤਹਿਤ ਰਾਹਤ ਨੀਤੀ ਦੇ ਅਧਾਰ 'ਤੇ ਦਿੱਤਾ ਜਾਵੇਗਾ | ਉਨ੍ਹਾਂ ਮੁਤਾਬਕ, 26 ਫ਼ੀਸਦੀ ਤੋਂ 75 ਫ਼ੀਸਦੀ ਤੱਕ ਖਰਾਬ ਹੋਈ ਫ਼ਸਲ ਲਈ 10,000 ਰੁਪਏ ਪ੍ਰਤੀ ਏਕੜ ਅਤੇ 75 ਤੋਂ 100 ਫ਼ੀਸਦੀ ਤੱਕ ਖਰਾਬ ਹੋਣ ਦੀ ਸਥਿਤੀ ਵਿਚ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ | ਕਿਸਾਨ ਯੂਨੀਅਨ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨਾਂ ਦੀ ਗਿਰਦਾਵਰੀ ਅਜੇ ਤੱਕ ਨਹੀਂ ਹੋਈ, ਉਹ ਆਪਣੇ ਹਲਕਾ ਪਟਵਾਰੀਆਂ ਨਾਲ ਤਾਲਮੇਲ ਕਰਕੇ ਇਸਨੂੰ ਤੁਰੰਤ ਪੂਰਾ ਕਰਵਾਉਣ | ਇਸ ਮੌਕੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਜਨਰਲ ਸਕੱਤਰ ਜੈਮਲ ਸਿੰਘ ਭੜੀ, ਮਾਸਟਰ ਪਰਮਿੰਦਰ ਸਿੰਘ ਵੇਲਾ, ਮਾਸਟਰ ਗੁਰਦੀਪ ਸਿੰਘ ਲੰਬੜਦਾਰ, ਸਰਕਲ ਪ੍ਰਧਾਨ ਸੰਤ ਸਿੰਘ ਹਜਾਰਾ, ਸਰਕਲ ਪ੍ਰਧਾਨ ਬਲਬੀਰ ਸਿੰਘ ਬੜਾ ਪਿੰਡ ਅਤੇ ਫ਼ੌਜੀ ਅਵਤਾਰ ਸਿੰਘ ਬੇਲਾ ਹਾਜ਼ਰ ਸਨ |