ਦੇਵੀਗੜ੍ਹ, 30 ਅਗਸਤ (ਰਾਜਿੰਦਰ ਸਿੰਘ ਮੌਜੀ)-ਪਿੰਡ ਮਸੀਂਗਣ ਦੀ ਨੌਜਵਾਨ ਸਭਾ ਵਲੋਂ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਇਕ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੁਹਿੰਮ ਨੂੰ ਪਿੰਡ ਦੇ ਸਮਾਜ ਸੇਵਕ ਭੁਪਿੰਦਰ ਸਿੰਘ ਮਸੀਂਗਣ ਦੀ ਪ੍ਰੇਰਨਾ ਅਤੇ ਅਗਵਾਈ ਮਿਲ ਰਹੀ ਹੈ | ਹੜ੍ਹ ਕਾਰਨ ਬੇਘਰ ਹੋਏ ਅਤੇ ਮੁਸ਼ਕਿਲਾਂ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਅੱਜ ਦੋ ਟਰਾਲੀਆਂ ਰਾਸ਼ਨ ਸਮੱਗਰੀ ਨਾਲ ਰਵਾਨਾ ਕੀਤੀਆਂ ਗਈਆਂ | ਭੁਪਿੰਦਰ ਸਿੰਘ ਮਸੀਂਗਣ ਨੇ ਦੱਸਿਆ ਕਿ ਪਿੰਡ ਦੇ ਪ੍ਰਵਾਸੀ ਪੰਜਾਬੀ, ਜੋ ਵਿਦੇਸ਼ਾਂ 'ਚ ਰਹਿੰਦੇ ਹਨ ਪਰ ਆਪਣੀ ਮਿੱਟੀ ਅਤੇ ਲੋਕਾਂ ਨਾਲ ਹਮੇਸ਼ਾਂ ਜੁੜੇ ਰਹਿੰਦੇ ਹਨ, ਨੇ ਖਾਸ ਤੌਰ 'ਤੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਫੰਡ ਇਕੱਠਾ ਕੀਤਾ | ਇਸ ਰਾਸ਼ੀ ਨਾਲ ਆਟਾ, ਚਾਵਲ, ਦਾਲਾਂ, ਤੇਲ ਅਤੇ ਹੋਰ ਜ਼ਰੂਰੀ ਸਮਾਨ ਅਤੇ ਪਸ਼ੂਆਂ ਲਈ ਚਾਰਾ ਇਕੱਠਾ ਕਰਕੇ ਟਰਾਲੀਆਂ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਵੱਲ ਭੇਜਿਆ ਗਿਆ | ਉਨ੍ਹਾਂ ਕਿਹਾ ਕਿ ਮੁਸੀਬਤ ਦੇ ਸਮੇਂ ਆਪਣੇ ਭੈਣ ਭਰਾਵਾਂ ਦਾ ਹੱਥ ਫੜਨਾ ਹੀ ਸੱਚੀ ਮਨੁੱਖਤਾ ਹੈ | ਇਹ ਰਾਸ਼ਨ ਸਿਰਫ਼ ਸਮੱਗਰੀ ਨਹੀਂ ਸਗੋਂ ਵਿਦੇਸ਼ਾਂ 'ਚ ਰਹਿੰਦੇ ਸਾਡੇ ਭਰਾਵਾਂ ਦਾ ਪਿਆਰ ਅਤੇ ਹੌਸਲਾ ਹੈ ਜੋ ਹੜ੍ਹ ਪੀੜਤ ਲੋਕਾਂ ਤੱਕ ਪਹੁੰਚ ਰਿਹਾ ਹੈ | ਇਸ ਮੌਕੇ ਉਨ੍ਹਾਂ ਨੇ ਪਿੰਡ ਮਸੀਂਗਣ ਦੇ ਨੌਜਵਾਨਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਰਾਸ਼ਨ ਇਕੱਠਾ ਕਰਨ ਅਤੇ ਟਰਾਲੀਆਂ ਰਵਾਨਾ ਕਰਨ ਵਿਚ ਭਰਪੂਰ ਯੋਗਦਾਨ ਪਾਇਆ | ਉਨ੍ਹਾਂ ਸਪਸ਼ਟ ਕੀਤਾ ਕਿ ਇਹ ਸਹਾਇਤਾ ਮੁਹਿੰਮ ਇਥੇ ਖਤਮ ਨਹੀਂ ਹੋਵੇਗੀ, ਅੱਗੇ ਵੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਹੋਰ ਰਾਹਤ ਸਮੱਗਰੀ ਭੇਜਣ ਦੀ ਯੋਜਨਾ ਹੈ |