ਪਟਿਆਲਾ, 20 ਸਤੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਪੁਲਿਸ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਨੇ ਰੇਂਜ ਦੇ ਅਪਰਾਧਿਕ ਅਤੇ ਕਾਨੂੰਨ ਵਿਵਸਥਾ ਦੀ ਸਮੀਖਿਆ ਨੂੰ ਲੈ ਕੇ ਅੱਜ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ, ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ, ਐਸ.ਐਸ.ਪੀ. ਬਰਨਾਲਾ ਸਰਫਰਾਜ਼ ਆਲਮ ਅਤੇ ਐਸ.ਐਸ.ਪੀ. ਮਾਲੇਰਕੋਟਲਾ ਗਗਨਜੀਤ ਸਿੰਘ ਨਾਲ ਬੈਠਕ ਕੀਤੀ | ਇਸ ਬੈਠਕ ਦੌਰਾਨ ਬਕਾਏ ਪਏ ਕੇਸਾਂ ਦਾ ਜਲਦੀ ਨਿਪਟਾਰਾ ਕਰਨ, ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਸੰਬੰਧੀ ਅਤੇ ਵੱਡੇ ਅਪਰਾਧਾਂ ਨੂੰ ਰੋਕਣ ਸੰਬੰਧੀ ਵਿਸਥਾਰਪੂਰਵਕ ਗਲਬਾਤ ਕੀਤੀ ਗਈ | ਡੀ.ਆਈ.ਜੀ. ਚਾਹਲ ਵਲੋਂ ਭਗੌੜਿਆਂ ਨੂੰ ਕਾਬੂ ਕਰਨ ਲਈ ਐਸ.ਐਸ.ਪੀ. ਨਿਰਦੇਸ਼ ਦਿਤੇ ਗਏ ਅਤੇ ਨਾਲ ਹੀ ਕੇਸਾਂ ਨੂੰ ਖਾਰਜ ਕਰਨ ਸੰਬੰਧੀ ਬਕਾਇਆ ਪਈਆਂ ਮਨਜ਼ੂਰੀਆਂ ਲੈਣ ਅਤੇ ਸਮਾਂਬੱਧ ਸਮੇਂ 'ਚ ਜਾਇਦਾਦ ਦੇ ਕੇਸ ਅਦਾਲਤ ਤੋਂ ਹੁਕਮ ਲੈ ਕੇ ਜਲਦੀ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ | ਡੀ.ਆਈ.ਜੀ. ਚਾਹਲ ਨੇ ਦਸਿਆ ਕਿ ਇਸ ਮੀਟਿੰਗ ਵਿਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦਰਜ ਕੀਤੇ ਗਏ ਐਨ.ਡੀ.ਪੀ.ਐਸ਼ ਐਕਟ ਅਤੇ ਪੋਕਸੋ ਦੇ ਕੇਸਾਂ ਦੀ ਜਾਂਚ ਨੂੰ ਜਲਦੀ ਤੋਂ ਜਲਦੀ ਨਿਪਟਾ ਕੇ ਉਨ੍ਹਾਂ ਦੇ ਖ਼ਿਲਾਫ਼ ਸਮਾਂਬੱਧ ਸਮੇਂ 'ਚ ਅਦਾਲਤ 'ਚ ਪੇਸ਼ ਕੀਤੇ ਜਾਣ | ਨਾਲ ਹੀ ਰੇਂਜ ਦੇ ਐਸ.ਐਸ.ਪੀਜ਼ ਨੂੰ ਕਿਹਾ ਗਿਆ ਕਿ ਡਕੈਤੀ, ਝਪਟਮਾਰੀ, ਫਿਰੌਤੀ ਮੰਗਣ ਵਾਲੇ ਵਿਅਕਤੀਆਂ ਦੀਆਂ ਸ਼ਿਕਾਇਤਾਂ 'ਤੇ ਤੁਰੰਤ ਐਕਸ਼ਨ ਲਿਆ ਜਾਵੇ | ਉਨ੍ਹਾਂ ਕਿਹਾ ਕਿ ਨਸ਼ੇ ਦੇ ਮਾਮਲੇ 'ਚ ਪੁਲਿਸ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਾ ਕਰੇ ਅਤੇ ਫੌਰੀ ਕਾਰਵਾਈ ਕਰਦਿਆਂ ਲੋਕਾਂ ਤੋਂ ਸਹਿਯੋਗ ਨਾਲ ਨਸ਼ੇ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਕਿਹਾ ਗਿਆ |