ਫ਼ਰੀਦਕੋਟ, 30 ਅਗਸਤ (ਸਰਬਜੀਤ ਸਿੰਘ)-ਪੰਜਾਬ ਦੇ ਸਰਕਾਰੀ ਹਾਈ ਸਕੂਲਾਂ 'ਚ ਕੰਮ ਕਰਦੇ ਹੈੱਡਮਾਸਟਰ ਤੇ ਹੈੱਡ ਮਿਸਟ੍ਰੈਸ ਦੀ ਜਥੇਬੰਦੀ ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ਤਹਿਤ ਪੰਜਾਬ ਦੇ 117 ਵਿਧਾਇਕਾਂ ਤੇ 13 ਮੈਂਬਰ ਪਾਰਲੀਮੈਂਟ ਨੂੰ ਮੰਗ-ਪੱਤਰ ਦੇਣ ਅਤੇ ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਦੇ ਵਿਰੁੱਧ ਰੋਸ ਪ੍ਰਗਟ ਕਰਨ ਤਹਿਤ ਸੂਬਾ ਕਮੇਟੀ ਮੈਂਬਰ ਜਗਮੋਹਨ ਸਿੰਘ ਬਰਾੜ ਦੀ ਅਗਵਾਈ ਹੇਠ ਜ਼ਿਲ੍ਹਾ ਇਕਾਈ ਫ਼ਰੀਦਕੋਟ ਵਲੋਂ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਇਕ ਮੰਗ-ਪੱਤਰ ਸੌਂਪਿਆ | ਜ਼ਿਲ੍ਹਾ ਪ੍ਰੈੱਸ ਸਕੱਤਰ ਜਗਜੀਵਨ ਸਿੰਘ ਹੈੱਡ ਮਾਸਟਰ ਨੇ ਦੱਸਿਆ ਕਿ ਪ੍ਰਤੀਨਿਧ ਮੰਡਲ ਨੇ ਵਿਧਾਇਕ ਦੇ ਧਿਆਨ 'ਚ ਲਿਆਂਦਾ ਕਿ 2019 ਵਿਚ ਪ੍ਰਕਾਸ਼ਿਤ ਇਸ਼ਤਿਹਾਰ ਤੋਂ ਪਹਿਲਾਂ ਬਹੁਤ ਸਾਰੇ ਅਧਿਆਪਕ ਪਹਿਲਾਂ ਹੀ ਸਾਲਾਂਬੱਧੀ ਸਰਕਾਰੀ ਸਕੂਲਾਂ 'ਚ ਸੇਵਾਵਾਂ ਨਿਭਾ ਰਹੇ ਸਨ | ਇਨ੍ਹਾਂ ਅਧਿਆਪਕਾਂ ਨੇ ਪੀ. ਪੀ. ਐੱਸ. ਸੀ. ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਜਨਵਰੀ 2020 'ਚ ਹੈੱਡਮਾਸਟਰਾਂ ਵਜੋਂ ਜੁਆਇੰਨ ਕੀਤਾ ਅਤੇ ਦਿਨਾਂ ਵਿਚ ਹੀ ਸਖ਼ਤ ਮਿਹਨਤ ਕਰਕੇ ਆਪਣੇ ਆਪਣੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ | ਆਗੂਆਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਇਸ ਦੇ ਬਾਵਜੂਦ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਜਿਵੇਂ ਕਿ ਹੁਣ ਤੱਕ ਬਣਦੇ ਬੈਕਲਾਗ ਕੋਟੇ ਦੀਆਂ ਤਰੱਕੀਆਂ ਕਰਨਾ, ਗਰੇਡ ਪੇਅ ਵਿਚ ਵਾਧਾ ਕਰਨਾ, ਉਚੇਰੀ ਜ਼ਿੰਮੇਵਾਰੀ ਦੀ ਤਰੱਕੀ ਦੇਣਾ ਅਤੇ ਪਿ੍ੰਸੀਪਲ ਦੀ ਪੋਸਟ ਲਈ ਪ੍ਰਮੋਸ਼ਨ ਕੋਟੇ ਵਿਚ 50% ਵਾਧਾ ਕਰਨ ਪ੍ਰਤੀ ਸੁਹਿਰਦਤਾ ਨਾਲ ਧਿਆਨ ਨਹੀਂ ਦਿੱਤਾ | ਜਥੇਬੰਦੀ ਵਲੋਂ ਪੇਸ਼ ਕੀਤੀਆਂ ਗਈਆਂ ਮੰਗਾਂ ਨੂੰ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਧਿਆਨ ਨਾਲ ਸੁਣਣ ਤੋਂ ਬਾਅਦ ਹੱਕੀ ਤੇ ਜਾਇਜ਼ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਨੂੰ ਪਹੁੰਚਦਾ ਕਰਨ ਤੇ ਜਲਦੀ ਹੀ ਜਥੇਬੰਦੀ ਨੂੰ ਪੈਨਲ ਮੀਟਿੰਗ ਦਿਵਾਉਣ ਦਾ ਭਰੋਸਾ ਦਿੱਤਾ | ਜਥੇਬੰਦੀ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਸਕੂਲ ਸਿੱਖਿਆ ਵਿਭਾਗ ਵਲੋਂ ਜੇਕਰ ਜਾਇਜ਼ ਮੰਗਾਂ ਵੱਲ ਨਜ਼ਰਸਾਨੀ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਹੈੱਡਮਾਸਟਰ ਤਰਸੇਮ ਲਾਲ ਮੋਂਗਾ, ਕਪਿਲ ਕੁਮਾਰ ਗੋਇਲ, ਰਵਿੰਦਰ ਸਿੰਘ, ਅਕਾਸ਼ਦੀਪ ਅਗਰਵਾਲ, ਸੰਜੀਵ ਕੁਮਾਰ, ਬਲਵਿੰਦਰ ਸਿੰਘ, ਨਵਦੀਪ ਸ਼ਰਮਾ, ਪੂਰਨ ਨਾਥ, ਰਮਿੰਦਰ ਕੌਰ, ਗੀਤਾ ਰਾਣੀ, ਮਧੂ ਗੋਇਲ, ਸ਼ਿਵਾਨੀ ਗੋਇਲ, ਰਵਿੰਦਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ ਤੇ ਵਿਕਾਸ ਪਾਲ ਆਦਿ ਹਾਜ਼ਰ ਸਨ |