ਸ੍ਰੀ ਮੁਕਤਸਰ ਸਾਹਿਬ, 30 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਫ਼ਿਰ ਭਰਵੀਂ ਬਾਰਿਸ਼ ਹੋਈ, ਜਿਸ ਮਗਰੋਂ ਸ਼ਹਿਰ ਜਲ-ਥਲ ਹੋ ਗਿਆ | ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਨੇ ਝੀਂਲਾਂ ਦਾ ਰੂਪ ਧਾਰਨ ਕਰ ਲਿਆ | ਬਾਅਦ ਦੁਪਹਿਰ ਅਚਾਨਕ ਅਸਮਾਨ 'ਚ ਕਾਲੇ ਬੱਦਲ ਛਾ ਗਏ ਅਤੇ ਗਰਜ ਚਮਕ ਮਗਰੋਂ ਬਾਰਿਸ਼ ਸ਼ੁਰੂ ਹੋ ਗਈ | ਲਗਾਤਾਰ ਜ਼ੋਰਦਾਰ ਬਾਰਿਸ਼ ਨੇ ਹਰ ਪਾਸੇ ਪਾਣੀ ਹੀ ਪਾਣੀ ਕਰ ਦਿੱਤਾ | ਪਹਿਲਾਂ ਵੀ ਲਗਾਤਾਰ ਰੁਕ-ਰੁਕ ਕੇ ਕੁਝ ਦਿਨ ਹੋਈ ਵਰਖਾ ਨੇ ਜਨਜੀਵਨ ਪ੍ਰਭਾਵਿਤ ਕੀਤਾ ਤੇ ਅੱਜ ਫ਼ਿਰ ਦੁਬਾਰਾ ਤੇਜ ਬਾਰਿਸ਼ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿਚ ਪਾਣੀ ਭਰ ਗਿਆ ਅਤੇ ਦੁਕਾਨਦਾਰਾਂ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ | ਬਾਰਿਸ਼ ਦਾ ਪਾਣੀ ਭਰਨ ਕਰਕੇ ਬਾਜ਼ਾਰਾਂ ਵਿਚ ਲੋਕਾਂ ਦੀ ਆਮਦ ਘਟ ਗਈ ਤੇ ਰਾਹਗੀਰਾਂ ਨੂੰ ਸੜਕਾਂ ਤੋਂ ਲੰਘਣ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿਚ ਵੀ ਵੱਡੀ ਮਾਤਰਾ 'ਚ ਪਾਣੀ ਜਮ੍ਹਾਂ ਹੋ ਗਿਆ ਹੈ | ਬਿਜਲੀ ਠੱਪ ਹੋਣ ਕਾਰਨ ਪਾਣੀ ਦੀ ਨਿਕਾਸੀ ਦਾ ਕੰਮ ਨਹੀਂ ਹੋ ਰਿਹਾ, ਜਿਸ ਕਰਕੇ ਪਾਣੀ ਦੇ ਛੱਪੜ ਲੱਗ ਗਏ ਹਨ | ਬੱਸ ਸਟੈਂਡ ਦੇ ਗੇਟਾਂ 'ਤੇ ਵੀ ਵੱਡੀ ਮਾਤਰਾ 'ਚ ਪਾਣੀ ਜਮ੍ਹਾਂ ਹੋ ਗਿਆ, ਜਿਸ ਕਰਕੇ ਸਵਾਰੀਆਂ ਅੱਡੇ ਵਿਚ ਜਾਣ ਲਈ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੀ ਅਨਾਜ ਮੰਡੀ ਦੀਆਂ ਸੜਕਾਂ 'ਤੇ ਵੀ ਬਹੁਤ ਪਾਣੀ ਖੜ੍ਹ ਗਿਆ ਹੈ | ਇਲਾਕੇ ਦੇ ਪਿੰਡਾਂ ਤੋਂ ਵੀ ਬਾਰਿਸ਼ ਪੈਣ ਦੇ ਸਮਾਚਾਰ ਪ੍ਰਾਪਤ ਹੋਏ ਹਨ | ਕਈ ਪਿੰਡ ਬਾਰਿਸ਼ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਹਨ, ਜਿਥੇ ਫ਼ਸਲਾਂ ਲਈ ਵੀ ਖ਼ਤਰਾ ਖੜ੍ਹਾ ਹੋ ਗਿਆ ਹੈ | ਪਿੰਡ ਵੰਗਲ, ਲੁਬਾਣਿਆਂਵਾਲੀ, ਅਟਾਰੀ ਆਦਿ ਪਿੰਡਾਂ ਤੋਂ ਪਾਣੀ ਸੜਕਾਂ ਤੋਂ ਇਲਾਵਾ ਖੇਤਾਂ 'ਚ ਭਰਨ ਦੇ ਸਮਾਚਾਰ ਮਿਲੇ ਹਨ | ਪਿੰਡਾਂ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਤੇ ਫ਼ਸਲਾਂ ਤੇ ਘਰਾਂ ਨੂੰ ਬਚਾਇਆ ਜਾਵੇ |