18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਆਰ. ਟੀ. ਆਈ. ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਵਲੋਂ 175 ਕੇਸਾਂ ਦਾ ਨਿਪਟਾਰਾ

ਅਜੀਤ ਡੈਸਕ 31-08-2025
ਫ਼ਰੀਦਕੋਟ, 30 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਵਲੋਂ ਆਰ. ਟੀ. ਆਈ. ਐਕਟ ਅਧੀਨ ਦਾਇਰ 175 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ | ਇਸ ਸੰਬੰਧੀ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਦੇ ਬੈਂਚ ਕੋਲ ਲੁਧਿਆਣਾ ਦੇ ਡਾਬਾ-ਲੋਹਾਰਾ ਮਾਰਗ ਸਥਿਤ ਮਹਾਂ ਸਿੰਘ ਨਗਰ ਨਿਵਾਸੀ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ 175 ਮਾਮਲੇ ਅਗਸਤ ਮਹੀਨੇ ਦੀਆਂ ਵੱਖ ਵੱਖ ਤਰੀਕਾਂ ਨੂੰ ਸੁਣਵਾਈ ਲਈ ਲੱਗੇ ਸਨ | ਉਨ੍ਹਾਂ ਦੱਸਿਆ ਕਿ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ ਕੇਸਾਂ 'ਚੋਂ 5 ਅਗਸਤ 2025 ਨੂੰ 36 ਕੇਸ, 6 ਅਗਸਤ 2025 ਨੂੰ 26 ਅਤੇ 7 ਅਗਸਤ 2025 ਨੂੰ 35 ਕੇਸ, 19 ਅਗਸਤ 2025 ਨੂੰ 30 ਕੇਸ, 20 ਅਗਸਤ 2025 ਨੂੰ 26 ਕੇਸ ਸੁਣਵਾਈ ਲਈ ਲੱਗੇ ਸਨ ਜਿਨ੍ਹਾਂ 'ਚ ਸੰਬੰਧਿਤ ਧਿਰਾਂ ਜਾਣਕਾਰੀ ਸਮੇਤ ਹਾਜ਼ਰ ਸਨ ਅਤੇ ਕਮਿਸ਼ਨਰ ਵਲੋਂ ਸਾਰੇ ਕੇਸ ਇਕੱਲੇ ਇਕੱਲੇ ਸੁਣੇ ਗਏ | ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਕੇਸਾਂ ਦੀ ਸੁਣਵਾਈ ਦੌਰਾਨ ਮੁਦਈ ਸਰਬਜੀਤ ਸਿੰਘ ਗਿੱਲ ਪੇਸ਼ ਨਹੀਂ ਹੋਇਆ, ਜਿਸ 'ਤੇ ਕਮਿਸ਼ਨ ਵਲੋਂ ਮੁਦਈ ਨੂੰ ਆਪਣਾ ਪੱਖ ਰੱਖਣ ਲਈ 10 ਦਿਨ ਦਾ ਸਮਾਂ ਦਿੱਤਾ ਗਿਆ ਪਰ ਮੁਦਈ ਨੇ ਇਸ ਸਮੇਂ ਵਿਚ ਵੀ ਆਪਣਾ ਪੱਖ ਪੇਸ਼ ਨਹੀਂ ਕੀਤਾ | ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਇਨ੍ਹਾਂ ਮਾਮਲਿਆਂ ਦੀ 20 ਅਗਸਤ ਅਤੇ 28 ਅਗਸਤ 2025 ਨੂੰ ਮੁੜ ਸੁਣਵਾਈ ਕੀਤੀ ਗਈ ਤਾਂ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ 175 ਕੇਸਾਂ ਦਾ ਨਿਪਟਾਰਾ ਕਰ ਦਿੱਤਾ | ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਦੇ ਧਿਆਨ ਵਿਚ ਆਇਆ ਹੈ ਕਿ ਇਨ੍ਹਾਂ ਕੇਸਾਂ 'ਚ ਲਗਾਤਾਰ ਗੈਰਹਾਜ਼ਰੀ ਕਾਰਨ ਕਮਿਸ਼ਨ ਦੇ ਸਮੇਂ ਅਤੇ ਸਰੋਤਾਂ ਦੀ ਕਾਫ਼ੀ ਬਰਬਾਦੀ ਹੋਈ ਹੈ ਅਤੇ ਵਾਰ-ਵਾਰ ਸੁਣਵਾਈਆਂ ਵਿਚ ਹਾਜ਼ਰ ਹੋ ਕੇ ਜਵਾਬ ਦਾਇਰ ਕਰਨ ਵਾਲੀਆਂ ਸਰਕਾਰੀ ਅਥਾਰਟੀਆਂ ਦੇ ਅਧਿਕਾਰਤ ਕੰਮਕਾਜ 'ਚ ਬੇਲੋੜਾ ਵਿਘਨ ਪਿਆ ਹੈ | ਅਜਿਹਾ ਵਤੀਰਾ ਨਾ ਸਿਰਫ਼ ਮੁਕੱਦਮੇਬਾਜ਼ਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਲੰਬਿਤ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਸੰਬੰਧੀ ਕਮਿਸ਼ਨ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ | ਕਮਿਸ਼ਨ ਨੇ ਕਿਹਾ ਹੈ ਕਿ ਲੰਬਿਤ ਮਾਮਲਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ, ਫਜ਼ੂਲ, ਵਾਰ-ਵਾਰ ਹੋਣ ਵਾਲੀ ਮੁਕੱਦਮੇਬਾਜ਼ੀ ਲਈ ਜਨਤਕ ਸਰੋਤਾਂ ਦੀ ਵਰਤੋਂ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ | ਇਸ ਲਈ ਮੁਕੱਦਮਾ ਨਾ ਚਲਾਉਣ ਕਾਰਨ ਸਰਬਜੀਤ ਸਿੰਘ ਗਿੱਲ ਵਲੋਂ ਦਾਇਰ ਅਪੀਲਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ | ਇਥੇ ਇਹ ਵੀ ਦੱਸਣਯੋਗ ਹੈ ਕਿ ਸਰਬਜੀਤ ਸਿੰਘ ਗਿੱਲ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਚੀਫ਼ ਇਨਫੋਰਮੇਸ਼ਨ ਕਮਿਸ਼ਨਰ ਵਲੋਂ 25 ਫਰਵਰੀ 2025 ਨੂੰ ਆਰ. ਟੀ. ਆਈ. ਐਕਟ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿਚ ਬਲੈਕ ਲਿਸਟ ਕੀਤਾ ਗਿਆ ਸੀ |
ਪਿਛਲੀ ਖ਼ਬਰ ਵਾੜਾ ਭਾਈਕਾ ਬੱਸ ਅੱਡੇ 'ਤੇ ਮਠਿਆਈ ਦੀ ਦੁਕਾਨ 'ਚ ਹੋਈ ਚੋਰੀ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ 'ਚ ਭਰਵੀਂ ਬਾਰਿਸ਼ ਨਾਲ ਫ਼ਿਰ ਹੋਇਆ ਜਲ-ਥਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।