ਜੈਤੋ, 30 ਅਗਸਤ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ )-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੈਤੋ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਗਰਾਂਟਾ ਦੇ ਗੱਫੇ ਭੇਜਣੇ ਸ਼ੁਰੂ ਕਰ ਦਿੱਤੇ ਹਨ ਤੇ ਇਨ੍ਹਾਂ ਸੜਕਾਂ 'ਤੇ ਇੰਟਰਲਾਕ ਟਾਇਲਾਂ ਲਗਾਉਣ ਨਾਲ 30 ਤੋਂ 35 ਸਾਲ ਦੀ ਮਿਆਦ ਹੋਵੇਗੀ | ਇਹ ਪ੍ਰਗਟਾਵਾ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਸਥਾਨਕ ਬੱਸ ਅੱਡੇ ਤੋਂ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਫ਼ਾਟਕ ਤੱਕ ਦੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ | ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਜੋ ਇੰਟਰਲਾਕ ਟਾਇਲਾਂ ਲਗਾਈਆਂ ਜਾ ਰਹੀਆਂ ਹਨ, ਉਹ 80 ਤੋਂ 100 ਐਮ. ਐਮ. ਮੋਟਾਈ ਦੀਆਂ ਲੱਗਣੀਆਂ ਹਨ | ਇਸ ਨਾਲ ਵਾਰ-ਵਾਰ ਸੜਕਾਂ ਟੁੱਟਣ ਕਾਰਨ ਹੁੰਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ | ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਵਾਸੀ ਟੁੱਟੀਆਂ ਸੜਕਾਂ ਕਾਰਨ ਲੋਕ ਪ੍ਰੇਸ਼ਾਨ ਸਨ, ਜਿਸ ਕਰਕੇ ਉਨ੍ਹਾਂ ਨੇ ਤੁਰੰਤ ਸਰਕਾਰ ਤੋਂ ਫੰਡ ਮੰਗਵਾਏ ਤੇ ਅੱਜ ਇਹ ਕੰਮ ਸ਼ੁਰੂ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਬਾਕੀ ਸੜਕਾਂ ਦਾ ਕੰਮ ਵੀ ਜਲਦ ਹੀ ਸ਼ੁਰੂ ਕਰਵਾਇਆ ਜਾਵੇਗਾ | ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀਆਂ ਉਮੀਦਾਂ 'ਤੇ ਖਰੀ ਉਤਰ ਰਹੀ ਹੈ ਤੇ ਲੋੜਵੰਦਾਂ ਦੀ ਮਦਦ ਪਹਿਲ ਦੇ ਆਧਾਰ 'ਤੇ ਕਰ ਰਹੀ ਹੈ | ਇਸ ਮੌਕੇ ਪੀ. ਏ. ਡੀ. ਬੀ. ਬੈਂਕ ਜੈਤੋ ਦੇ ਚੇਅਰਮੈਨ ਗੋਬਿੰਦਰ ਵਾਲੀਆ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਕਸ਼ਮਣ ਭਗਤੂਆਣਾ, ਨਗਰ ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਨਰਿੰਦਰਪਾਲ ਸਿੰਘ ਰਾਮੇਆਣਾ, ਸੱਤਪਾਲ ਡੋਡ, ਡਾ. ਹਰਪਾਲ ਸਿੰਘ ਡੇਲਿਆਂਵਾਲੀ, ਗੁਰਭੇਜ ਸਿੰਘ ਬਰਾੜ, ਸੁਖਰੀਤ ਸਿੰਘ ਰੋਮਾਣਾ, ਸੁਰਿੰਦਰ ਕੁਮਾਰ ਗਰਗ ਰਿਟਾ. ਆਰ. ਏ., ਜਗਦੀਸ਼ ਸਿੰਘ ਰਾਮਗੜ੍ਹੀਆ, ਅੰਕੁਸ਼ ਬਾਂਸਲ ਤੇ ਅਸ਼ੋਕ ਗਰਗ ਆਦਿ ਪਾਰਟੀ ਵਰਕਰ ਤੇ ਲੋਕ ਮੌਜੂਦ ਸਨ |