ਇਆਲੀ/ਥਰੀਕੇ-ਹਰਪ੍ਰੀਤ ਸਿੰਘ ਸ਼ਿਵਾਲਿਕ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਨੇ 1979 ਨੂੰ ਸਾਬਕਾ ਵਿਧਾਇਕ ਅਤੇ ਸਾਬਕਾ ਸੰਸਦੀ ਸਕੱਤਰ ਦਰਸ਼ਨ ਸਿੰਘ ਸ਼ਿਵਾਲਿਕ ਦੇ ਘਰ ਬੀਬੀ ਪਰਮਜੀਤ ਕੌਰ ਸ਼ਿਵਾਲਿਕ ਦੀ ਕੁੱਖੋਂ ਆਪਣੇ ਨਾਨਕੇ ਘਰ ਪਿੰਡ ਕਤਪਾਲੋ ਫਿਲੌਰ ਵਿਖੇ ਪਹਿਲੀ ਕਿਲਕਾਰੀ ਮਾਰੀ | ਦੋ ਭੈਣਾਂ ਸਿਮਰਨਜੀਤ ਕੌਰ ਅਤੇ ਮਨਦੀਪ ਕੌਰ ਦਾ ਇਕਲੌਤਾ ਭਰਾ ਹਰਪ੍ਰੀਤ ਸਿੰਘ ਸ਼ਿਵਾਲਿਕ ਬਚਪਨ ਤੋਂ ਹੀ ਬੜੇ ਹੀ ਮਿਲਾਪੜੇ ਅਤੇ ਨਿੱਘੇ ਸੁਭਾਅ ਦਾ ਮਾਲਕ ਸੀ | ਆਪ ਨੇ ਆਪਣੀ ਮੁੱਢਲੀ ਪੜ੍ਹਾਈ ਸੈਕਰਡ ਹਾਰਟ ਸਕੂਲ ਲੁਧਿਆਣਾ ਅਤੇ ਮੈਟਿ੍ਕ ਦੀ ਪੜਾਈ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਕੀਤੀ | ਉਚੇਰੀ ਸਿੱਖਿਆ ਆਰੀਆ ਕਾਲਜ ਲੁਧਿਆਣਾ ਤੋਂ ਕਰਨ ਉਪਰੰਤ ਆਪਣੇ ਪਿਤਾ ਦਰਸ਼ਨ ਸਿੰਘ ਸ਼ਿਵਾਲਿਕ ਦੇ ਚੱਲ ਰਹੇ ਕਾਰੋਬਾਰ ਅਤੇ ਰਾਜਨੀਤੀ ਸਫ਼ਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ | ਆਪ ਦਾ ਆਨੰਦ ਕਾਰਜ 19 ਜਨਵਰੀ, 2008 ਨੂੰ ਨਾਭਾ ਦੇ ਉਘੇ ਕਾਰੋਬਾਰੀ ਸਤਵਿੰਦਰ ਸਿੰਘ ਦੀ ਹੋਣਹਾਰ ਸਪੁੱਤਰੀ ਡਾਕਟਰ ਸੋਨੀਆ ਨਾਲ ਹੋਇਆ | ਆਪ ਦੇ ਘਰ ਦੋ ਪੁੱਤਰਾਂ ਪਿ੍ਥਵੀ ਸਿੰਘ ਅਤੇ ਪ੍ਰਤਾਪ ਸਿੰਘ ਨੇ ਜਨਮ ਲਿਆ | ਆਪ ਨੇ ਆਪਣੀ ਸੂਝਬੂਝ ਨਾਲ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰਦਿਆਂ ਲੁਧਿਆਣਾ ਹੀ ਨਹੀਂ ਪੰਜਾਬ ਤੇ ਦੇਸ਼ ਭਰ ਵਿਚ ਆਪਣੀ ਵਿਲੱਖਣ ਪਛਾਣ ਬਣਾਉਂਦਿਆਂ ਵੱਖ-ਵੱਖ ਵੱਕਾਰੀ ਅਹੁਦਿਆਂ 'ਤੇ ਪਾਰਟੀ ਦੀ ਸੇਵਾ ਨਿਭਾਈ | ਆਪ ਦਿਮਾਗ਼ ਦੇ ਏਨੇ ਧਨੀ ਸਨ ਕਿ ਸਕਿੰਟਾਂ ਵਿਚ ਹੀ ਵੱਡੀਆਂ-ਵੱਡੀਆਂ ਮੁਸ਼ਕਿਲਾਂ ਦੇ ਹੱਲ ਕੱਢ ਲੈਂਦੇ ਹਨ | ਮਿਲਾਪੜੇ ਅਤੇ ਹਸਮੁਖ ਸੁਭਾਅ ਦੇ ਮਾਲਕ ਇਸ ਰੰਗਲੇ ਸੱਜਣ ਨੂੰ ਬਿਮਾਰੀ ਨੇ ਐਸਾ ਘੇਰਾ ਪਾਇਆ ਕਿ ਮੌਤ ਅੱਗੇ ਉਸ ਦੀ ਜ਼ਿੰਦਗੀ ਹਾਰ ਗਈ | ਉਹ ਆਪਣੇ ਪਿੱਛੇ ਪਿਤਾ ਦਰਸ਼ਨ ਸਿੰਘ ਸ਼ਿਵਾਲਿਕ, ਮਾਤਾ ਪਰਮਜੀਤ ਕੌਰ ਸ਼ਿਵਾਲਿਕ, ਪਤਨੀ ਡਾ. ਸੋਨੀਆ ਸ਼ਿਵਾਲਿਕ, ਪੁੱਤਰ ਪਿ੍ਥਵੀ ਸਿੰਘ ਤੇ ਪ੍ਰਤਾਪ ਸਿੰਘ ਸਮੇਤ ਸਹੁਰਾ, ਨਾਨਕਾ ਤੇ ਦਾਦਕਾ ਪਰਿਵਾਰ ਅਤੇ ਆਪਣੇ ਮਿੱਤਰ-ਸਨੇਹੀਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਬੀਤੀ ਵਰ੍ਹੇ 19 ਅਕਤੂਬਰ ਨੂੰ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਵਿਲੀਨ ਹੋਏ | ਹਰਪ੍ਰੀਤ ਸਿੰਘ ਸ਼ਿਵਾਲਿਕ ਦੀ ਪਹਿਲੀ ਬਰਸੀ ਮੌਕੇ ਨਿੱਘੀ ਯਾਦ ਵਿਚ ਰੱਖੇ ਅਖੰਡ ਪਾਠ ਦੇ ਭੋਗ 31 ਅਗਸਤ ਦਿਨ ਐਤਵਾਰ ਨੂੰ ਗ੍ਰਹਿ ਵਿਖੇ ਪਾਉਣ ਉਪਰੰਤ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਬਾਅਦ ਦੁਪਹਿਰ 12.00 ਤੋਂ 1.00 ਵਜੇ ਤੱਕ ਗੁਰਦੁਆਰਾ ਮਾਈ ਬਿਸ਼ਨ ਕੌਰ ਪ੍ਰੋਫੈਸਰ ਕਾਲੋਨੀ ਬਾੜੇਵਾਲ ਲੁਧਿਆਣਾ ਵਿਖੇ ਹੋ ਰਿਹਾ ਹੈ | -ਮਨਜੀਤ ਸਿੰਘ ਦੁੱਗਰੀ