ਸਾਦਿਕ, 20 ਸਤੰਬਰ (ਆਰ.ਐਸ.ਧੁੰਨਾ)-ਬੇਸਹਾਰਾ ਪਸ਼ੂਆਂ ਦੀ ਗਿਣਤੀ ਆਏ ਦਿਨ ਵੱਧਦੀ ਜਾ ਰਹੀ ਹੈ ਪਰ ਇਨ੍ਹਾਂ ਦੀ ਸਾਂਭ ਸੰਭਾਲ ਲਈ ਸਰਕਾਰ ਵਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਇਨ੍ਹਾਂ ਦੀ ਵੱਧ ਰਹੀ ਗਿਣਤੀ ਕਾਰਨ ਆਏ ਦਿਨ ਹੁੰਦੇ ਹਾਦਸਿਆਂ 'ਚ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ | ਸਾਦਿਕ ਵਿਖੇ ਵੀ ਬੇਸਹਾਰਾ ਪਸ਼ੂਆਂ ਦੀ ਕਾਫ਼ੀ ਭਰਮਾਰ ਹੈ ਅਤੇ ਸ਼ਾਮ ਸਮੇਂ ਬੇਸਹਾਰਾ ਪਸ਼ੂ ਆਮ ਹੀ ਝੰੁਡ ਬਣਾ ਕੇ ਇੱਥੋਂ ਦੇ ਮੁੱਖ ਚੌਕ 'ਚ ਸੜਕ ਦੇ ਵਿਚਕਾਰ ਬੈਠੇ ਹੁੰਦੇ ਹਨ ਤੇ ਇੱਥੇ ਪੰਜ ਸੜਕਾਂ ਦਾ ਸੁਮੇਲ ਹੋਣ ਕਾਰਨ ਆਵਾਜਾਈ ਵੀ ਬਹੁਤ ਹੁੰਦੀ ਹੈ ਜਿਸ ਕਰਕੇ ਕੋਈ ਵੱਡਾ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ | ਇਸੇ ਤਰ੍ਹਾਂ ਗੁਰੂਹਰਸਹਾਏ ਵਾਲੀ ਸੜਕ 'ਤੇ ਵੀ ਬੇਸਹਾਰਾ ਪਸ਼ੂ ਘੁੰਮਦੇ ਦਿਖਾਈ ਦਿੰਦੇ ਹਨ ਅਤੇ ਆਪਸ ਵਿਚ ਭਿੜਦੇ ਰਹਿੰਦੇ ਹਨ | ਇਸ ਸੜਕ 'ਤੇ ਪੈਂਦੇ ਤਿੰਨ ਸਰਕਾਰੀ ਸਕੂਲਾਂ ਵਿਚ ਹਰ ਰੋਜ਼ ਸੈਂਕੜੇ ਬੱਚੇ ਪੈਦਲ ਹੀ ਸਕੂਲ ਜਾਂਦੇ ਹਨ ਅਤੇ ਮਾਪਿਆਂ ਨੂੰ ਹਮੇਸ਼ਾ ਡਰ ਹੀ ਲੱਗਿਆ ਰਹਿੰਦਾ ਹੈ ਕਿ ਕਿਤੇ ਇਨ੍ਹਾਂ ਪਸ਼ੂਆਂ ਦੀ ਭਿੜੰਤ ਵਿਚ ਆ ਕੇ ਬੱਚਿਆਂ ਦਾ ਕੋਈ ਨੁਕਸਾਨ ਹੀ ਨਾ ਹੋ ਜਾਵੇ | ਕੁਝ ਸਮਾਂ ਪਹਿਲਾਂ ਵੀ ਬੇਸਹਾਰਾ ਪਸ਼ੂਆਂ ਦੀ ਲਪੇਟ 'ਚ ਆਉਣ ਕਾਰਨ ਪਿੰਡ ਕਾਉਣੀ ਦਾ ਨੌਜਵਾਨ ਅਤੇ ਪਿੰਡ ਘੁੱਦੂਵਾਲਾ ਦੀ ਔਰਤ ਆਪਣੀ ਜਾਨ ਗਵਾ ਚੁੱਕੇ ਹਨ ਤੇ ਅਨੇਕਾਂ ਹੀ ਹੋਰ ਹਾਦਸੇ ਵਾਪਰ ਚੁੱਕੇ ਹਨ | ਸਰਕਾਰਾਂ ਵਲੋਂ ਗਊ ਸੈੱਸ ਦੇ ਨਾਂਅ 'ਤੇ ਟੈਕਸ ਤਾਂ ਵਸੂਲ ਕੀਤਾ ਜਾਂਦਾ ਹੈ ਪਰ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ | ਰਾਤ ਦੇ ਹਨ੍ਹੇਰੇ ਵਿਚ ਖੜ੍ਹੇ ਕਾਲੇ ਰੰਗ ਦੇ ਪਸ਼ੂਆਂ ਦਾ ਅੱਗਿਓਾ ਆ ਰਹੇ ਵਾਹਨਾਂ ਦੀ ਤੇਜ਼ ਲਾਈਟ ਕਾਰਨ ਕਈ ਵਾਰ ਅੱਗੇ ਕੁਝ ਦਿਖਾਈ ਨਾ ਦੇਣ ਕਰਕੇ ਪਤਾ ਹੀ ਨਹੀਂ ਲੱਗਦਾ ਤੇ ਅਚਾਨਕ ਹਾਦਸਾ ਵਾਪਰ ਜਾਂਦਾ ਹੈ ਜਿਸ ਨਾਲ ਵਾਹਨ ਅਤੇ ਸਵਾਰੀਆਂ ਦਾ ਜਿੱਥੇ ਨੁਕਸਾਨ ਹੁੰਦਾ ਹੈ ਉੱਥੇ ਇਨ੍ਹਾਂ ਬੇਜੁਬਾਨਾਂ ਦੇ ਵੀ ਸੱਟਾਂ ਲੱਗਦੀਆਂ ਹਨ | ਆਮ ਲੋਕਾਂ ਦੀ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਤੋਂ ਮੰਗ ਹੈ ਕਿ ਸੜਕਾਂ ਤੇ ਘੁੰਮਦੇ ਬੇਸਹਾਰਾ ਪਸ਼ੂਆਂ ਕਾਰਨ ਰਾਤ ਸਮੇਂ ਵਾਪਰਦੇ ਹਾਦਸਿਆਂ ਤੋਂ ਬਚਣ ਲਈ ਬੇਸਹਾਰਾ ਪਸ਼ੂਆਂ ਦੇ ਗਲਾਂ ਵਿਚ ਰਿਫ਼ਲੈਕਟਰ ਪਾਏ ਜਾਣ ਤਾਂ ਜੋ ਰਾਤ ਸਮੇਂ ਲੰਘਣ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਅੱਗੇ ਪਸ਼ੂ ਖੜ੍ਹਾ ਹੈ ਤੇ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ |