ਚੰਡੀਗੜ੍ਹ, 29 ਅਗਸਤ (ਸੰਦੀਪ ਕੁਮਾਰ ਮਾਹਨਾ) - ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਤੇ ਹੜ੍ਹ ਕਾਰਨ ਸੜਕੀ ਤੇ ਰੇਲ ਰਾਹੀਂ ਸਫ਼ਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਕਈ ਰੇਲ ਰੂਟਾਂ 'ਤੇ ਪਾਣੀ ਭਰਨ ਕਾਰਨ ਸਧਾਰਣ ਰੇਲ ਸੇਵਾਵਾਂ ਰੁਕ ਗਈਆਂ, ਜਿਸ ਨਾਲ ਹਜ਼ਾਰਾਂ ਮੁਸਾਫ਼ਰ ਜੰਮੂ ਖੇਤਰ ਦੇ ਵੱਖ-ਵੱਖ ਸਟੇਸ਼ਨਾਂ 'ਤੇ ਫਸੇ ਰਹੇ | ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਉੱਤਰੀ ਰੇਲਵੇ ਨੇ ਮੁਸਾਫ਼ਰਾਂ ਦੀ ਸੁਰੱਖਿਆ ਤੇ ਸਹੂਲਤ ਲਈ ਵਿਸ਼ੇਸ਼ ਕਦਮ ਚੁੱਕਦਿਆਂ ਜੰਮੂ ਤਵੀ ਰੇਲਵੇ ਸਟੇਸ਼ਨ ਤੋਂ ਦੋ ਖਾਸ ਰੇਲ ਗੱਡੀਆਂ ਚਲਾਈਆਂ ਹਨ | ਪਹਿਲੀ ਵਿਸ਼ੇਸ਼ ਗੱਡੀ ਰਾਹੀਂ ਲਗਭਗ 1400 ਮੁਸਾਫ਼ਰਾਂ ਨੂੰ ਜੰਮੂ ਤਵੀ ਤੋਂ ਵਾਰਾਣਸੀ ਲਈ ਰਵਾਨਾ ਕੀਤਾ ਗਿਆ, ਜਦੋਂਕਿ ਦੂਜੀ ਵਿਸ਼ੇਸ਼ ਰੇਲ ਗੱਡੀ 1200 ਮੁਸਾਫ਼ਰਾਂ ਨੂੰ ਲੈ ਕੇ ਨਵੀਂ ਦਿੱਲੀ ਵੱਲ ਗਈ | ਰੇਲਵੇ ਅਧਿਕਾਰੀਆਂ ਮੁਤਾਬਕ ਇਹ ਮੁਸਾਫਰ ਉਹ ਸਨ ਜੋ ਮੀਂਹ ਕਾਰਨ ਆਮ ਰੇਲਗੱਡੀਆਂ ਦੇ ਰੱਦ ਹੋਣ ਕਾਰਨ ਵੱਖ-ਵੱਖ ਸਟੇਸ਼ਨਾਂ 'ਤੇ ਫਸੇ ਰਹੇ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਉੱਤਰੀ ਰੇਲਵੇ ਹਮੇਸ਼ਾਂ ਆਪਣੇ ਮੁਸਾਫ਼ਰਾਂ ਦੀ ਸੁਰੱਖਿਆ ਤੇ ਸਹੂਲਤ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ | ਉਨ੍ਹਾਂ ਕਿਹਾ ਕਿ ਐਮਰਜੈਂਸੀ ਜਾਂ ਕੁਦਰਤੀ ਆਫਤ ਦੇ ਸਮੇਂ ਵੀ ਮੁਸਾਫ਼ਰਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਉਨ੍ਹਾਂ ਦੇ ਮੰਜ਼ਿਲ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ | ਰੇਲਵੇ ਵਲੋਂ ਇਨ੍ਹਾਂ ਵਿਸ਼ੇਸ਼ ਰੇਲਗੱਡੀਆਂ ਲਈ ਫਿਰੋਜ਼ਪੁਰ ਮੰਡਲ ਅਧੀਨ ਆਉਂਦੇ ਜਲੰਧਰ ਕੈਂਟ ਤੇ ਲੁਧਿਆਣਾ ਸਟੇਸ਼ਨਾਂ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ | ਇਨ੍ਹਾਂ ਸਟੇਸ਼ਨਾਂ 'ਤੇ ਕਮਰਸ਼ੀਅਲ ਇੰਸਪੈਕਟਰ, ਡਿਪਟੀ ਸਟੇਸ਼ਨ ਸੁਪਰਟੈਂਡੈਂਟ (ਕਮਰਸ਼ੀਅਲ), ਟਿਕਟ ਚੈਕਿੰਗ ਸਟਾਫ ਤੇ ਕੇਟਰਿੰਗ ਸਟਾਫ ਦੀ ਮਦਦ ਨਾਲ ਖਾਣ-ਪੀਣ ਦੀ ਪੂਰੀ ਵਿਆਵਸਥਾ ਕੀਤੀ ਗਈ | ਸੈਣੀ ਨੇ ਕਿਹਾ ਕਿ ਰੇਲਵੇ ਪ੍ਰਸ਼ਾਸਨ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵੀ ਐਮਰਜੈਂਸੀ ਵਿਚ ਮੁਸਾਫ਼ਰਾਂ ਨੂੰ ਘਬਰਾਉਣ ਦੀ ਜ਼ਰੂਰਤ ਨਾ ਪਵੇ ਤੇ ਉਹ ਆਪਣੇ ਸਫ਼ਰ ਨੂੰ ਸੁਰੱਖਿਅਤ ਤੇ ਸੁਖਦ ਬਣਾਉਣ | ਉਨ੍ਹਾਂ ਇਹ ਭਰੋਸਾ ਵੀ ਦਿਵਾਇਆ ਕਿ ਅਗਲੇ ਕੁਝ ਦਿਨਾਂ ਵਿਚ ਵੀ ਹਾਲਾਤਾਂ 'ਤੇ ਨਿਗਰਾਨੀ ਜਾਰੀ ਰਹੇਗੀ ਤੇ ਜੇ ਲੋੜ ਪਈ ਤਾਂ ਹੋਰ ਖਾਸ ਰੇਲਗੱਡੀਆਂ ਵੀ ਚਲਾਈਆਂ ਜਾਣਗੀਆਂ |