ਚੰਡੀਗੜ੍ਹ, 29 ਅਗਸਤ (ਪ੍ਰੋ.ਅਵਤਾਰ ਸਿੰਘ)-ਨਵੇਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਾ ਨਿਵਾਸੀਆਂ ਲਈ ਵਕਤੀ ਵਸੇਬੇ ਦੇ ਪ੍ਰਬੰਧਨ ਕਰਨ ਲਈ ਸਮੂਹ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਗਈ ਹੈ | ਜਾਰੀ ਬਿਆਨ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਵੱਡਾ ਇਲਾਕਾ ਹੜ੍ਹਾਂ ਦੀ ਮਾਰ ਹੇਠ ਹੈ | ਮੌਸਮ ਵਿਭਾਗ ਵਲੋਂ ਵੀ ਅਗਲੇ ਚਾਰ ਦਿਨ ਦਾ ਅਲਰਟ ਜਾਰੀ ਕੀਤਾ ਹੋਇਆ ਹੈ | ਇਸ ਖਤਰੇ ਦੀ ਘੰਟੀ ਨੂੰ ਭਾਂਪਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਾ ਨਿਵਾਸੀਆਂ ਦੇ ਵਕਤੀ ਰੈਣ ਬਸੇਰਿਆਂ ਦਾ ਪ੍ਰਬੰਧ ਕਰਨ | ਪਿੰਡਾਂ ਦੀ ਪੰਚਾਇਤਾਂ ਨਾਲ ਮਿਲ ਕੇ ਧਰਮਸ਼ਾਲਾਵਾਂ ਨੂੰ ਰੈਣ ਬਸੇਰਿਆਂ ਵਜੋਂ ਤਿਆਰ ਕਰਵਾਉਣ, ਇਸ ਤੋਂ ਇਲਾਵਾ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਸਹਿਯੋਗ ਕਰਦੇ ਹੋਏ ਉਚਿਤ ਲੰਗਰ ਵਿਵਸਥਾ ਦਾ ਪ੍ਰਬੰਧ ਕਰਨ | ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਥਿਤੀ ਵਿਚ ਸਭ ਤੋਂ ਵੱਡਾ ਨੁਕਸਾਨ ਪਸ਼ੂ ਧਨ ਦਾ ਹੋਇਆ ਹੈ | ਉਨ੍ਹਾਂ ਨਵੇਂ ਬਣੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਆਪਣੇ ਤੌਰ 'ਤੇ ਵੀ ਤੇ ਆਪੋ-ਆਪਣੇ ਨਗਰਾਂ ਵਿਚੋਂ ਪਸ਼ੂ ਧਨ ਲਈ ਸੁੱਕੇ ਚਾਰੇ ਦੇ ਪ੍ਰਬੰਧ ਕਰਨ |