ਮੋਗਾ, 30 ਅਗਸਤ (ਗੁਰਤੇਜ ਸਿੰਘ ਬੱਬੀ)-ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਬ ਡਵੀਜ਼ਨ ਬਾਘਾ ਪੁਰਾਣਾ ਅਧੀਨ ਆਉਂਦੇ ਥਾਣਾ ਸਮਾਲਸਰ ਵਿਖੇ ਹੌਲਦਾਰ ਸਤਵੰਤ ਸਿੰਘ ਨੇ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਸੁਖਮੰਦਰ ਸਿੰਘ ਉਰਫ ਸਿਕੰਦਰ ਸਿੰਘ, ਗੁਰਪ੍ਰੀਤ ਸਿੰਘ ਉਰਫ ਕਾਲਾ ਵਾਸੀ ਬੁਰਜ ਲੱਧਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ, ਲਵਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਕੁਲਦੀਪ ਵਾਸੀ ਅਰਾਈਆਂਵਾਲਾ ਕਲਾਂ ਜ਼ਿਲ੍ਹਾ ਫਰੀਦਕੋਟ ਨੂੰ ਭਾਰੀ ਮਾਤਰਾ ਵਿਚ ਚੋਰੀ ਕੀਤੇ ਤਾਂਬੇ ਸਮੇਤ ਕਾਬੂ ਕਰ ਲਿਆ | ਇਸ ਸੰਬੰਧੀ ਦਲਬੀਰ ਸਿੰਘ ਸਿੱਧੂ ਡੀ. ਐਸ. ਪੀ. ਬਾਘਾ ਪੁਰਾਣਾ ਨੇ ਦੱਸਿਆ ਕਿ ਕਾਬੂ ਕੀਤੇ ਗਰੋਹ ਦੇ ਮੈਂਬਰ ਰਾਤ ਸਮੇਂ ਖੇਤਾਂ 'ਚ ਲੱਗੀਆਂ ਮੋਟਰਾਂ ਦੇ ਟਰਾਂਸਫਾਰਮਰਾਂ 'ਚੋਂ ਤਾਰਾਂ ਤੇ ਹੋਰ ਸਾਮਾਨ ਚੋਰੀ ਕਰਦੇ ਸਨ ਤੇ ਇਨ੍ਹਾਂ ਦੇ ਫੜੇ ਜਾਣ ਨਾਲ ਪੀੜਤ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ | ਇਨ੍ਹਾਂ ਕਾਬੂ ਚੋਰਾਂ ਕੋਲੋਂ ਦੋ ਗੱਟੇ ਪਲਾਸਟਿਕ ਜਿਸ 'ਚ ਪੱਚੀ-ਪੱਚੀ ਕਿੱਲੋ ਤਾਂਬਾ ਸੀ | ਡੀ. ਐਸ. ਪੀ. ਦਲਬੀਰ ਸਿੰਘ ਨੇ ਦੱਸਿਆ ਕਿ ਉਕਤ ਚੋਰਾਂ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ |