ਕਿਸ਼ਨਪੁਰਾ ਕਲਾਂ, 30 ਅਗਸਤ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਮੋਗਾ ਜ਼ਿਲ੍ਹੇ ਦੇ ਪਿੰਡ ਗੱਟੀ ਜੱਟਾਂ ਦੇ ਸਤਲੁਜ ਦਰਿਆ ਬੰਨ੍ਹ 'ਤੇ ਬੈਠੇ ਕਿਸਾਨ ਵੀਰਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੀ ਮਾਲਕੀ ਜ਼ਮੀਨ ਸਤਲੁਜ ਦਰਿਆ ਦੇ ਪਾਣੀ ਨਾਲ ਰੁੜ੍ਹ ਗਈ | ਗੱਲਬਾਤ ਕਰਦਿਆਂ ਪੀੜਤ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਇੰਦਰ ਸਿੰਘ ਪੁੱਤਰ ਠਾਕਰ ਸਿੰਘ ਦੀ 6 ਏਕੜ, ਗੁਰਦੀਪ ਸਿੰਘ ਪੁੱਤਰ ਠਾਕੁਰ ਸਿੰਘ ਦੀ 7 ਏਕੜ, ਦੌਲਤ ਸਿੰਘ ਪੁੱਤਰ ਸ਼ੰਕਰ ਸਿੰਘ ਦੀ 12 ਏਕੜ, ਕਰਨੈਲ ਸਿੰਘ ਪੁੱਤਰ ਸੁਰੈਣ ਸਿੰਘ ਦੀ 7 ਏਕੜ, ਜ਼ੋਰਾ ਸਿੰਘ ਪੁੱਤਰ ਮੱਲ ਸਿੰਘ ਦੀ 15 ਏਕੜ, ਭਜਨ ਸਿੰਘ ਪੁੱਤਰ ਸੁੱਚਾ ਸਿੰਘ ਦੀ 12 ਏਕੜ, ਮੱਖਣ ਸਿੰਘ ਪੁੱਤਰ ਮੱਲ ਸਿੰਘ ਦੀ 5 ਏਕੜ, ਪ੍ਰਭਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਦੀ 5 ਏਕੜ, ਸੁਖਪਾਲ ਸਿੰਘ ਪੁੱਤਰ ਸ਼ੰਕਰ ਸਿੰਘ ਦੀ 8 ਏਕੜ, ਬਲਜੀਤ ਸਿੰਘ ਪੁੱਤਰ ਅਮਰ ਸਿੰਘ ਦੀ 5 ਏਕੜ, ਰਾਣਾ ਸਿੰਘ ਪੁੱਤਰ ਕਸ਼ਮੀਰ ਸਿੰਘ ਦੀ 7 ਏਕੜ, ਡਾਕਟਰ ਮੱਸਾ ਸਿੰਘ ਪੁੱਤਰ ਹਰੀ ਸਿੰਘ ਦੀ 10 ਏਕੜ, ਸਰਪੰਚ ਸਾਵਨ ਸਿੰਘ ਪੁੱਤਰ ਬੱਗਾ ਸਿੰਘ ਦੀ 6 ਏਕੜ ਜ਼ਮੀਨ ਸਮੇਤ ਕਰੀਬ 160 ਏਕੜ ਰਕਬੇ ਉੱਪਰ ਸਤਲੁਜ ਦਰਿਆ ਦਾ ਪਾਣੀ ਚੜ੍ਹ ਜਾਣ ਕਾਰਨ ਇਹ ਜ਼ਮੀਨ ਰੁੜ੍ਹ ਗਈ ਹੈ | ਪੰਚ ਜਗਦੀਪ ਸਿੰਘ ਢਿੱਲੋਂ, ਰਮਨਦੀਪ ਸਿੰਘ, ਹੀਰਾ ਸਿੰਘ, ਸਾਬਕਾ ਸਰਪੰਚ ਪ੍ਰਭਜੀਤ ਸਿੰਘ ਗਿੱਲ, ਡਾਕਟਰ ਮੱਸਾ ਸਿੰਘ, ਸਾਬਕਾ ਪੰਚ ਗੁਰਲਾਲ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਦੇ ਜ਼ਿੰਮੇਵਾਰ ਹਨ ਕਿਉਂਕਿ ਹੜ੍ਹਾਂ ਤੋਂ ਪਹਿਲਾਂ ਜੇਕਰ ਪ੍ਰਸ਼ਾਸਨ ਚਾਹੁੰਦਾ ਤਾਂ ਤਾਰਾਂ ਤੇ ਪੱਥਰ ਲਗਾ ਕੇ ਰੋਕਾਂ ਲਗਾਈਆਂ ਜਾ ਸਕਦੀਆਂ ਸਨ ਤੇ ਸਾਡੀਆਂ ਜ਼ਮੀਨਾਂ ਬਚ ਜਾਣੀਆਂ ਸਨ | ਉਨ੍ਹਾਂ ਦੱਸਿਆ ਕਿ ਇਹ ਸਾਡੀਆਂ ਮਾਲਕੀ ਜ਼ਮੀਨਾਂ ਸਨ ਅਤੇ ਇਹ ਜ਼ਮੀਨਾਂ ਕਦੋਂ ਤੇ ਕਿਵੇਂ ਪੂਰੀਆਂ ਸਾਨੂੰ ਮਿਲਣਗੀਆਂ ਵੱਡੀ ਚਿੰਤਾ ਦਾ ਵਿਸ਼ਾ ਹੈ | ਪੀੜਤ ਪਰਿਵਾਰਾਂ ਨੇ ਦੱਸਿਆ ਕਿ ਕਈ ਪਰਿਵਾਰ ਦਾ ਤਾਂ ਇਨ੍ਹਾਂ ਜ਼ਮੀਨਾਂ 'ਤੇ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ ਤੇ ਹੁਣ ਸਾਡੇ ਕੋਲ ਜ਼ਮੀਨਾਂ ਹੀ ਨਹੀਂ ਰਹੀਆਂ ਤਾਂ ਸਭ ਕੁਝ ਖਤਮ ਹੋ ਗਿਆ | ਉਨ੍ਹਾਂ ਦੱਸਿਆ ਕਿ ਜ਼ਮੀਨ ਨੂੰ ਪੂਰਾ ਕਰਨ ਦੇ ਲਈ ਵੱਡੀ ਧਨ ਰਾਸ਼ੀ ਚਾਹੀਦੀ ਹੈ ਤੇ ਇਹ ਸਭ ਕੁਝ ਕਿਵੇਂ ਹੋਵੇਗਾ ਸਾਡੀ ਸਮਝ ਤੋਂ ਬਾਹਰ ਹੈ | ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਸਾਡੀਆਂ ਰੁੜ੍ਹੀਆਂ ਜ਼ਮੀਨਾਂ ਨੂੰ ਪੂਰਾ ਕਰਨ ਲਈ ਸਾਡਾ ਸਾਥ ਦੇਵੇ ਕਿਉਂਕਿ ਇਸ ਵਕਤ ਸਾਡੇ 'ਤੇ ਵੱਡੀ ਮੁਸੀਬਤ ਪਈ ਹੋਈ ਹੈ | ਇਸ ਮੌਕੇ ਪਿੰਡ ਵਾਸੀਆਂ ਨੇ ਵੀ ਸਰਕਾਰ ਤੇ ਪ੍ਰਸ਼ਾਸਨ 'ਤੇ ਅਣਗਹਿਲੀ ਨੂੰ ਲੈ ਕੇ ਰੋਸ ਪ੍ਰਗਟ ਕੀਤਾ |