ਕੋਟ ਈਸੇ ਖਾਂ, 30 ਅਗਸਤ (ਗੁਰਮੀਤ ਸਿੰਘ ਖਾਲਸਾ)-ਇਸ ਵਾਰ ਆਏ ਹੜ੍ਹਾਂ ਨਾਲ ਬੜੀ ਵੱਡੀ ਮਾਰ ਪਈ ਹੈ ਤੇ ਕਿਸਾਨਾਂ ਦੀਆਂ ਜਿੱਥੇ ਵੱਡੀ ਗਿਣਤੀ 'ਚ ਫਸਲਾਂ ਬਰਬਾਦ ਹੋਈਆਂ ਉੱਥੇ ਹੀ ਘਰਾਂ ਦੇ ਘਰ ਦਰਿਆ ਦੇ ਪਾਣੀ ਦੀ ਭੇਟ ਚੜ੍ਹ ਗਏ ਤੇ ਪਸ਼ੂਆਂ ਦਾ ਵੀ ਵੱਡਾ ਨੁਕਸਾਨ ਹੋਇਆ | ਇਹ ਪ੍ਰਗਟਾਵਾ ਪੈੱ੍ਰਸ ਬਿਆਨ ਰਾਹੀਂ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਜਨਰਲ ਸਕੱਤਰ ਹਰਬੰਸ ਸਿੰਘ ਬਹਿਰਾਮਕੇ ਤੇ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਨੇ ਕਿਹਾ ਕਿ ਪਿਛਲੇ ਇਕ ਦੋ ਸਾਲਾਂ ਵਿਚ ਵੀ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਸੀ ਤੇ ਇਸ ਵਾਰ ਤਾਂ ਪਤਾ ਹੀ ਨਹੀਂ ਕਿੰਨਾ ਨੁਕਸਾਨ ਲੋਕਾਂ ਦਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਪਿਛਲੇ ਮੁਆਵਜਿਆਂ ਦੇ ਨਾਲ ਇਸ ਵਾਰ ਦੇ ਬਣਦੇ ਮੁਆਵਜ਼ੇ ਵੀ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਜਾਰੀ ਕੀਤੇ ਜਾਣ |