ਧਰਮਕੋਟ, 30 ਅਗਸਤ (ਪਰਮਜੀਤ ਸਿੰਘ)-ਸਰਕਾਰੀ ਮਾਡਲ ਡਿਗਰੀ ਕਾਲਜ ਫ਼ਤਿਹਗੜ੍ਹ ਕੋਰੋਟਾਣਾ ਵਿਖੇ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮਨਾਇਆ | ਇਸ ਮੌਕੇ ਲੜਕੇ ਤੇ ਲੜਕੀਆਂ ਦੀ ਇਕ ਕਿੱਲੋਮੀਟਰ ਦੌੜ ਕਰਵਾਈ ਗਈ, ਜਿਸ 'ਚ 80 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਜਿਸ ਵਿਚ ਲੜਕੇ ਤੇ ਲੜਕੀਆਂ ਦੀਆਂ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਕੱਢੀਆਂ ਗਈਆਂ | ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ, ਜਿਸ 'ਚ 15 ਦੇ ਕਰੀਬ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਬੀਰ ਸਿੰਘ ਨੇ ਮੇਜਰ ਧਿਆਨ ਚੰਦ ਦੇ ਜੀਵਨ ਬਾਰੇ ਤੇ ਉਨ੍ਹਾਂ ਦੇ ਭਾਰਤੀ ਹਾਕੀ 'ਚ ਵਡਮੁੱਲੇ ਯੋਗਦਾਨ ਬਾਰੇ ਦੱਸਿਆ | ਪ੍ਰੋ. ਅਵਤਾਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਨੂੰ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਜੋ ਸਾਡੇ ਸਰਬਪੱਖੀ ਵਿਕਾਸ 'ਚ ਯੋਗਦਾਨ ਪਾਉਂਦੀਆਂ ਹਨ | ਕਾਲਜ ਇੰਚਾਰਜ ਪ੍ਰੋ. ਰਸਮੀ ਕੰਬੋਜ ਨੇ ਦੌੜ ਤੇ ਪੋਸਟਰ ਮੇਕਿੰਗ ਦੇ ਜੇਤੂ ਵਿਦਿਆਰਥੀਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰੋ. ਜੋਤੀ ਬਾਲਾ, ਪ੍ਰੋ. ਸੁਮਨਪ੍ਰੀਤ ਕੌਰ, ਰਿਸੋਰਸ ਪਰਸਨ ਪ੍ਰੋ. ਗੀਤਾ ਗੁਪਤਾ ਆਦਿ ਹਾਜ਼ਰ ਸਨ |