ਬਾਘਾ ਪੁਰਾਣਾ, 20 ਸਤੰਬਰ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਦੇ ਮੁਦਕੀ ਰੋਡ ਉੱਪਰ ਸਥਿਤ ਤਹਿਸੀਲ ਕੰਪਲੈਕਸ ਬਣਿਆ ਹੋਇਆ ਹੈ ਜਿਸ ਨੂੰ ਵੱਖ-ਵੱਖ ਪਿੰਡ ਲੱਗਦੇ ਹਨ ਅਤੇ ਰੋਜ਼ਾਨਾ ਵੱਡੀ ਗਿਣਤੀ 'ਚ ਵੱਖ-ਵੱਖ ਪਿੰਡਾਂ ਤੋਂ ਲੋਕ ਆਪਣੇ ਸਰਕਾਰੀ ਕੰਮ ਕਾਜ ਕਰਵਾਉਣ ਲਈ ਇਸ ਤਹਿਸੀਲ ਕੰਪਲੈਕਸ 'ਚ ਆਉਂਦੇ ਰਹਿੰਦੇ ਹਨ | ਸਭ ਤੋਂ ਵੱਡੀ ਸਮੱਸਿਆ ਆਮ ਲੋਕਾਂ ਨੂੰ ਉਸ ਵੇਲੇ ਆਉਂਦੀ ਹੈ ਜਦੋਂ ਉਹ ਤਹਿਸੀਲ ਕੰਪਲੈਕਸ ਵਿਚਲੇ ਪਖਾਨਿਆਂ ਵਿਚ ਜਾਂਦੇ ਹਨ ਤਾਂ ਉੱਥੋਂ ਦੀ ਸਥਿਤੀ ਦੇਖ ਕੇ ਹੱਕੇ ਬੱਕੇ ਰਹਿ ਜਾਂਦੇ ਹਨ ਕਿਉਂਕਿ ਤਹਿਸੀਲ ਕੰਪਲੈਕਸ 'ਚ ਆਮ ਪਬਲਿਕ ਲਈ ਬਣੇ ਪਖਾਨਿਆਂ ਦੀ ਹਾਲਤ ਏਨੀ ਬਦ ਤੋਂ ਬਦਤਰ ਹੈ ਕਿ ਉੱਥੇ ਲੱਗੀਆਂ ਟਾਇਲਟ ਸੀਟਾਂ ਬੁਰੀ ਤਰ੍ਹਾਂ ਟੁੱਟੀਆਂ ਭੱਜੀਆਂ ਹੋਈਆਂ ਹਨ ਤੇ ਸਾਫ ਸਫਾਈ ਨਾ ਹੋਣ ਕਰਕੇ ਸੜਿਆਂਦ ਮਾਰਦੀ ਹੈ ਕਿ ਚੰਗਾ ਭਲਾ ਬੰਦਾ ਉੱਥੇ ਜਾ ਕੇ ਬਿਮਾਰ ਹੋ ਸਕਦਾ ਹੈ | ਜਿਸ ਵੱਲ ਸੰਬੰਧਿਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਾ ਹੋਣ ਕਰਕੇ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਕੰਮ ਕਰਵਾਉਣ ਜੋ ਲੋਕ ਆਉਂਦੇ ਹਨ ਉਨ੍ਹਾਂ ਨੂੰ ਘੰਟਿਆਂ ਬੱਧੀ ਤਹਿਸੀਲ ਕੰਪਲੈਕਸ ਵਿਚ ਸਮਾਂ ਲੱਗ ਜਾਂਦਾ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਬਾਥਰੂਮ ਵੀ ਜਾਣਾ ਹੁੰਦਾ ਹੈ ਪਰ ਸੰਬੰਧਿਤ ਵਿਭਾਗ ਦਾ ਇਸ ਵੱਲ ਧਿਆਨ ਨਾ ਹੋਣ ਕਰਕੇ ਤਹਿਸੀਲ ਕੰਪਲੈਕਸ ਵਿਚ ਸਥਾਪਿਤ ਬਾਥਰੂਮਾਂ ਦੀ ਹਾਲਤ ਬਦ ਤੋਂ ਬਦਤਰ ਹੋਣ ਕਾਰਨ ਉਹ ਬਿਮਾਰੀਆਂ ਵੰਡੇ ਰਹੇ ਹਨ | ਉਂਜ ਤਾਂ ਨਗਰ ਕੌਂਸਲ ਬਾਘਾ ਪੁਰਾਣਾ ਵਲੋਂ ਸਵੱਛ ਭਾਰਤ ਦੇ ਨਾਅਰੇ ਕੰਧਾਂ 'ਤੇ ਲਿਖੇ ਹੋਏ ਹਨ ਪਰ ਇਨ੍ਹਾਂ ਨਾਅਰਿਆਂ 'ਤੇ ਅਮਲੀ ਜਾਮਾ ਪ੍ਰਸ਼ਾਸਨ ਵਲੋਂ ਨਹੀਂ ਨਿਭਾਇਆ ਜਾ ਰਿਹਾ | ਇੱਥੇ ਜੇਕਰ ਤਹਿਸੀਲ ਕੰਪਲੈਕਸ ਦੇ ਸਟਾਫ ਦੀ ਗੱਲ ਕੀਤੀ ਜਾਵੇ ਤਾਂ ਸਟਾਫ ਲਈ ਅਲੱਗ ਤੋਂ ਬਣੇ ਪਖਾਨਿਆਂ ਨੂੰ ਤਾਲੇ ਲੱਗੇ ਹੋਏ ਹਨ ਅਤੇ ਜਦੋਂ ਉਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਉਹ ਖੋਲ੍ਹ ਲੈਂਦੇ ਹਨ ਤੇ ਫਿਰ ਜਿੰਦਾ ਲਾ ਦਿੰਦੇ ਹਨ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਕਤ ਤਹਿਸੀਲ ਕੰਪਲੈਕਸ ਵਿਚ ਐਸ.ਡੀ.ਐਮ. ਦਫਤਰ ਦੇ ਬਿਨਾਂ ਵੱਖ-ਵੱਖ ਵਿਭਾਗ ਇੱਥੇ ਸਥਾਪਿਤ ਹਨ ਜਿੱਥੇ ਲੋਕ ਆਪਣਾ ਕੰਮ ਕਰਵਾਉਣ ਲਈ ਆਉਂਦੇ ਹਨ | ਇਸ ਲਈ ਸਬੰਧਿਤ ਵਿਭਾਗ ਨੂੰ ਆਮ ਲੋਕਾਂ ਲਈ ਬਣੇ ਪਖਾਨਿਆਂ ਦੀ ਤੁਰੰਤ ਰਿਪੇਅਰ ਕਰਵਾ ਕੇ ਸਫਾਈ ਕਰਵਾਉਣੀ ਚਾਹੀਦੀ ਹੈ |