ਬੱਧਨੀ ਕਲਾਂ, 20 ਸਤੰਬਰ (ਸੰਜੀਵ ਕੋਛੜ)-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੀਆਂ ਹਦਾਇਤਾਂ ਜ਼ਿਲ੍ਹਾ ਮੋਗਾ ਦੇ ਮੁੱਖ ਖੇਤੀ ਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਤੇ ਬਲਾਕ ਖੇਤੀਬਾੜੀ ਅਫ਼ਸਰ ਨਿਹਾਲ ਸਿੰਘ ਵਾਲਾ ਡਾ. ਤਰਨਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਰਕਲ ਬੱਧਨੀ ਕਲਾਂ ਅਧੀਨ ਆਉਦੇਂ ਪਿੰਡ ਰਣੀਆਂ ਵਿਖੇ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਸਿਖਲਾਈ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਮੇਂ ਡਾ. ਵਿਨੋਦ ਕੁਮਾਰ ਏ.ਈ.ਓ. ਨੇ ਇਕੱਤਰ ਹੋਏ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਬਿਜਾਈ ਬਾਰੇ ਵਿਸਤਾਰ ਸਹਿਤ ਦੱਸਿਆ | ਇੰਸਪੈਕਟਰ ਡਾ. ਹਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀਆਂ ਵੱਖ-ਵੱਖ ਬਿਮਾਰੀਆਂ ਅਤੇ ਖਾਦਾਂ ਦੀ ਸੁਚੱਜੀ ਵਰਤੋ ਬਾਰੇ ਦੱਸਦਿਆਂ ਕਿਹਾ ਕਿ ਝੋਨੇ ਨੂੰ ਹਲਦੀ ਰੋਗ ਆ ਰਿਹਾ ਹੈ ਤੇ ਹੁਣ ਇਸ ਉੱਪਰ ਕੋਈ ਵੀ ਸਪਰੇਅ ਨਾ ਕੀਤੀ ਜਾਵੇ ਇਸ ਉੱਪਰ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੋਵੇਗਾ ਅਤੇ ਪੈਸੇ ਦੀ ਫ਼ਜ਼ੂਲ ਖ਼ਰਚੀ ਹੋਵੇਗੀ, ਝੋਨੇ ਉੱਪਰ ਭੂਰੀ ਪਿੱਠ ਵਾਲੇ ਟਿੱਡੇ ਦਾ ਹਮਲਾ ਹੋ ਸਕਦਾ ਹੈ ਲਗਾਤਾਰ ਖੇਤਾਂ ਦਾ ਸਰਵੇਖਣ ਕੀਤਾ ਜਾਵੇ | ਇਸ ਕੈਂਪ ਦੌਰਾਨ ਕਿਸਾਨਾਂ ਦੀ ਈ.ਕੇ.ਵਾਈ.ਸੀ. ਕਰਦਿਆਂ ਹੋਰਨਾਂ ਮੁਸ਼ਕਲਾਂ ਦਾ ਹੱਲ ਵੀ ਕੀਤਾ ਗਿਆ | ਪਿੰਡ ਦੇ ਸਰਪੰਚ ਰਾਜਪਾਲ ਸਿੰਘ ਨੇ ਕਿਸਾਨ ਜਾਗਰੂਕਤਾ ਕੈਂਪ 'ਚ ਪਹੰੁਚੇ ਵਿਭਾਗ ਦੇ ਅਫ਼ਸਰ ਸਾਹਿਬਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਰਾਜਪਾਲ ਸਿੰਘ ਸਰਪੰਚ, ਜਗਜੀਤ ਸਿੰਘ ਪੰਚ, ਦਵਿੰਦਰ ਸਿੰਘ ਬੇਲਦਾਰ, ਸੁਖਵਿੰਦਰ ਸਿੰਘ ਸੋਸਾਇਟੀ ਪ੍ਰਧਾਨ, ਜਗਦੀਪ ਸਿੰਘ ਸਕੱਤਰ, ਹਰਜਿੰਦਰ ਸਿੰਘ ਸੱਤੂ, ਜਗਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |