ਭਵਾਨੀਗੜ੍ਹ, 29 ਅਗਸਤ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਬਟਰਿਆਣਾ ਵਿਖੇ ਪੰਚਾਇਤ ਵਲੋਂ ਪੁੱਟੇ ਟੋਭੇ ਨੂੰ ਲੈ ਕੇ ਉਸ ਸਮੇਂ ਵਿਵਾਦ ਹੋ ਗਿਆ, ਜਦੋਂ ਪੰਚਾਇਤ ਵਲੋਂ ਪੁੱਟੇ ਕਰੀਬ 25 ਫੁੱਟ ਟੋਭੇ ਵਿਚੋਂ ਬਰੇਤੀ ਨਿਕਲਣ ਕਾਰਨ ਲੋਕਾਂ ਵਲੋਂ ਇਸ ਨੂੰ ਮਾਈਨਿੰਗ ਕਰਨ ਦੇ ਪੰਚਾਇਤ 'ਤੇ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਆਗੂ ਬੇਲਾ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਪਿੰਡ ਦਾ ਨਿਕਾਸੀ ਪਾਣੀ ਪਾਉਣ ਲਈ ਇਕ ਮਹੀਨੇ ਤੋਂ ਟੋਭਾ ਪੁੱਟਿਆ ਜਾ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਵਿਚੋਂ ਨਿਕਲੀ ਬਰੇਤੀ (ਰੇਤਾ) ਕਥਿਤ ਤੌਰ 'ਤੇ ਵੇਚਿਆ ਗਿਆ, ਜਿਸ ਨਾਲ ਬਿਨ੍ਹਾਂ ਇਜਾਜ਼ਤ ਤੋਂ ਮਾਈਨਿੰਗ ਹੋਣ 'ਤੇ ਪਿੰਡ ਦੇ ਲੋਕਾਂ ਇਕੱਠੇ ਹੋ ਕੇ ਪੰਚਾਇਤ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਕਾਰਵਾਈ ਦੀ ਮੰਗ ਕੀਤੀ | ਇਸ ਸਬੰਧੀ ਪਿੰਡ ਦੀ ਸਰਪੰਚ ਦੇ ਪਤੀ ਬਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਪਿੰਡ ਦਾ ਬਰਸਾਤੀ ਅਤੇ ਨਿਕਾਸੀ ਪਾਣੀ ਜੋ ਸੜਕਾਂ ਉੱਪਰ ਦੀ ਚੱਲ ਰਿਹਾ ਹੈ, ਦੀ ਨਿਕਾਸੀ ਲਈ ਸੀਚੇਵਾਲ ਮਾਡਲ 'ਤੇ ਪੰਚਾਇਤੀ ਵਿਭਾਗ ਦੀ ਪ੍ਰਵਾਨਗੀ ਨਾਲ ਕੰਮ ਚਲਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉੱਥੇ ਖੂਹ ਅਤੈ ਹੌਦੀਆਂ ਬਣਾਉਣ ਲਈ ਕਰੀਬ 20 ਫੁੱਟ ਥਾਂ ਪੁੱਟੀ ਗਈ ਹੈ, ਜਿਸ ਦੌਰਾਨ ਲੋਕਾਂ ਜਿਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਨਹੀ, ਉਨ੍ਹਾਂ ਵਲੋਂ ਬਿਨ੍ਹਾਂ ਵਜ੍ਹਾ ਸਿਆਸੀ ਵਿਵਾਦ ਬਣਾ ਲਿਆ ਹੈ | ਜਦੋਂ ਕਿ ਸਬੰਧੀ ਪੰਚਾਇਤੀ ਵਿਭਾਗ ਦੀ ਪ੍ਰਵਾਨਗੀ ਲਈ ਹੋਈ ਹੈ ਅਤੇ ਸਾਰਾ ਕੰਮ ਵਿਭਾਗ ਅਧੀਨ ਹੀ ਚੱਲ ਰਿਹਾ ਹੈ | ਉਨ੍ਹਾਂ ਮਾਈਨਿੰਗ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ |