ਮਲੇਰਕੋਟਲਾ, 20 ਸਤੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਹੁਸ਼ਿਆਰਪੁਰ ਵਿਖੇ ਇੱਕ ਪ੍ਰਵਾਸੀ ਵਲੋਂ ਪੰਜ ਸਾਲ ਦੇ ਮਾਸੂਮ ਪੰਜਾਬੀ ਬੱਚੇ ਦੇ ਬੇਦਰਦੀ ਨਾਲ ਕੀਤੇ ਗਏ ਕਤਲ ਦਾ ਪੁਰਜ਼ੋਰ ਵਿਰੋਧ ਕਰਦਿਆਂ ਜੁਆਇੰਟ ਐਕਸ਼ਨ ਕਮੇਟੀ ਵਲੋਂ ਐੱਸ.ਐੱਸ.ਪੀ ਗਗਨ ਅਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੂੰ ਬੀਤੇ ਕੱਲ੍ਹ ਮੰਗ ਪੱਤਰ ਦਿੱਤਾ ਗਿਆ | ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਪ੍ਰਧਾਨ ਤੇ ਮਨਿਉਰਟੀ ਕਮਿਸ਼ਨ ਪੰਜਾਬ ਦੇ ਮੈਂਬਰ ਸਾਹਿਬਜ਼ਾਦਾ ਨਦੀਮ ਅਨਵਾਰ ਖ਼ਾਨ ਨੇ ਕਿਹਾ ਕਿ ਮੰਗ ਪੱਤਰ ਦੇ ਕੇ ਇਹ ਮੰਗ ਕੀਤੀ ਗਈ ਹੈ ਕਿ ਜ਼ਿਲ੍ਹੇ ਵਿਚ ਵੱਸਦੇ ਅਤੇ ਕੰਮਕਾਰ ਕਰ ਰਹੇ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਸ਼ਹਿਰ ਦੇ ਲੋਕਾਂ ਨੂੰ ਇਹ ਗੁਜ਼ਾਰਿਸ਼ ਕੀਤੀ ਜਾਵੇ ਕਿ ਜਿਸ ਫ਼ੈਕਟਰੀ, ਦੁਕਾਨ ਅਤੇ ਮਕਾਨ ਵਿਚ ਪਰਵਾਸੀ ਵੱਸਦੇ ਹੋਣ, ਕੰਮ ਕਰਦੇ ਹੋਣ ਉਨ੍ਹਾਂ ਦੇ ਮਾਲਕਾਂ ਵਲੋਂ ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਨੂੰ ਕਰਵਾਉਣਾ ਜ਼ਰੂਰੀ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਸੰਵਿਧਾਨ ਅਨੁਸਾਰ ਦੇਸ਼ ਦੇ ਹਰ ਹਿੱਸੇ ਵਿਚ ਰਹਿਣ ਅਤੇ ਰੋਜ਼ਗਾਰ ਕਰਨ ਦਾ ਅਧਿਕਾਰ ਹੈ ਪਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਇਹ ਲਾਜ਼ਮੀ ਹੈ ਕਿ ਪੰਜਾਬ ਵਿਚ ਆ ਕੇ ਰਹਿਣ ਵਾਲੇ ਮਜ਼ਦੂਰਾਂ ਦੀ ਪੁਲਿਸ ਵਲੋਂ ਪੂਰੀ ਤਸਦੀਕ ਅਤੇ ਪਛਾਣ ਜਾਂਚ ਕੀਤੀ ਜਾਵੇ | ਇਸ ਮੌਕੇ ਕਮੇਟੀ ਦੇ ਮੈਂਬਰ ਮੁਕੱਰਮ ਸੈਫ਼ੀ, ਮੁਹੰਮਦ ਸ਼ਾਹਿਦ, ਮੁਹੰਮਦ ਇਖਲਾਕ,ਖ਼ੁਸ਼ੀ ਮੁਹੰਮਦ ਅਤੇ ਮੁਹੰਮਦ ਇਰਫਾਨ ਵੀ ਮੌਜੂਦ ਸਨ |