ਸੰਦੌੜ, 20 ਸਤੰਬਰ (ਜਸਵੀਰ ਸਿੰਘ ਜੱਸੀ) - ਭਾਈ ਲਾਲੋ ਜੀ ਚੈਰੀਟੇਬਲ ਟਰੱਸਟ ਰਜਿ. ਦੀ ਇਕ ਅਹਿਮ ਮੀਟਿੰਗ ਪ੍ਰਧਾਨ ਅਮਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ 24 ਸਤੰਬਰ ਨੂੰ ਮਨਾਏ ਜਾ ਰਹੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਚੇਅਰਮੈਨ ਇੰਦਰਜੀਤ ਸਿੰਘ ਮੁੰਡੇ, ਪ੍ਰਧਾਨ ਗਿਆਨੀ ਅਮਰ ਸਿੰਘ ਨੇ ਦੱਸਿਆ ਕਿ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ 573ਵਾਂ ਜਨਮ ਦਿਹਾੜਾ ਗੁਰਦੁਆਰਾ ਸਾਹਿਬ ਭਾਈ ਲਾਲੋ ਜੀ ਸਰੀਂਹ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ 22 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਆਰੰਭ ਕੀਤੇ ਜਾਣਗੇ ਅਤੇ 24 ਸਤੰਬਰ ਨੂੰ ਭੋਗ ਪੈਣਗੇ | ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਤਰਲੋਚਨ ਸਿੰਘ ਡਿਪਟੀ ਕਮਿਸ਼ਨਰ ਸੈਂਟਰਲ ਜੀ.ਐਸ.ਟੀ. ਐਂਡ ਕਸ਼ਟਮ ਯਮਨਾਨਗਰ ਅਤੇ ਸ. ਗੁਰਬਖਸ਼ ਸਿੰਘ ਐਮ.ਡੀ. ਜੀ.ਐਸ. ਐਗਰੋ ਇੰਡਸਟਰੀਜ਼ ਦੋਹਲਾ ਰੋਡ, ਧੂਰੀ ਅਤੇ ਸ. ਨਛੱਤਰ ਸਿੰਘ ਐਮ.ਡੀ. ਸੰਟੰਡਰਡ ਕੰਬਾਈਨਜ਼ ਹੰਡਿਆਇਆ ਵਿਸ਼ੇਸ਼ ਮਹਿਮਾਨ ਹੋਣਗੇ | ਇਸ ਮੌਕੇ ਸੰਤ ਬਾਬਾ ਰਣਜੀਤ ਸਿੰਘ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਨੂੰ ਭਾਈ ਲਾਲੋ ਜੀ ਐਵਾਰਡ 2025 ਨਾਲ ਵਿਸ਼ੇਸ਼ ਰੂਪ 'ਚ ਸਨਮਾਨਿਤ ਕੀਤਾ ਜਾਵੇਗਾ ਇਸ ਤੋਂ ਇਲਾਵਾ ਟਰੱਸਟ ਵਲੋਂ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੀਆਂ ਸਖ਼ਸ਼ੀਅਤਾਂ ਦਾ ਵੀ ਸਨਮਾਨ ਕੀਤਾ ਜਾਵੇਗਾ | ਇਸ ਮੌਕੇ 'ਤੇ ਉਪ ਪ੍ਰਧਾਨ ਅਜਮੇਰ ਸਿੰਘ ਹੁੰਜਣ, ਕੈਸ਼ੀਅਰ ਅਮਰਜੀਤ ਸਿੰਘ ਹੁੰਜਣ, ਜਨਰਲ ਸਕੱਤਰ ਚਰਨਦਾਸ ਸੌਂਦ, ਸਕੱਤਰ ਹਰਜਿੰਦਰ ਸਿੰਘ ਖੁਰਲ, ਸਲਾਹਕਾਰ ਬਲਵੀਰ ਸਿੰਘ ਬਮਰਾਹ ਤੋਂ ਇਲਾਵਾ ਜਨਰਲ ਕੌਂਸਲ ਮੈਂਬਰ ਪਿਆਰਾ ਸਿੰਘ ਮੁੰਡੇ, ਕਰਨੈਲ ਸਿੰਘ ਮਠਾੜੂ, ਤੇਜਿੰਦਰ ਸਿੰਘ ਹੁੰਜਣ, ਵੈਦ ਮੋਹਣ ਲਾਲ ਬਾਂਸਲ ਆਦਿ ਹਾਜ਼ਰ ਸਨ |