16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ

ਅਜੀਤ ਡੈਸਕ 31-08-2025
ਫ਼ਿਰੋਜ਼ਪੁਰ, 30 ਅਗਸਤ (ਕੁਲਬੀਰ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਆਗੂ ਹਰਫੂਲ ਸਿੰਘ ਦੂਲੇਵਾਲਾ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਸੂਬਾ ਪ੍ਰਧਾਨ ਸਭਰਾ ਨੇ ਦੱਸਿਆ ਕਿ ਪੰਜਾਬ ਦੀ 75 ਪ੍ਰਤੀਸ਼ਤ ਆਬਾਦੀ ਹੜ੍ਹਾਂ ਦੀ ਮਾਰ ਝੱਲ ਰਹੀ ਹੈ ਤੇ ਇਸ ਆਫ਼ਤ ਨਾਲ ਵੱਡੇ ਪੱਧਰ 'ਤੇ ਜਿਥੇ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ, ਉਥੇ ਲੋਕਾਂ ਦੇ ਪਸ਼ੂ ਤੇ ਹੋਰ ਜਾਨਵਰ ਵੀ ਪਾਣੀ ਦੀ ਲਪੇਟ ਵਿਚ ਆ ਗਏ ਹਨ ਤੇ ਉਨ੍ਹਾਂ ਦੇ ਜਾਨੀ ਨੁਕਸਾਨ ਵੀ ਹੋ ਗਏ ਹਨ | ਸੂਬਾ ਪ੍ਰਧਾਨ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਫ਼ਸਲਾਂ ਦਾ ਮੁਆਵਜ਼ਾ ਪ੍ਰਤੀ ਏਕੜ 70 ਹਜ਼ਾਰ, ਪਸ਼ੂਆਂ ਦੇ 1 ਲੱਖ ਤੇ ਪਾਣੀ ਦੀ ਲਪੇਟ ਵਿਚ ਆ ਕੇ ਮਰ ਚੁੱਕੇ ਜੀਅ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ ਤੇ ਨੌਕਰੀ ਦੇਣ ਦਾ ਐਲਾਨ ਜਲਦ ਕਰੇ | ਕਿਸਾਨ ਆਗੂਆਂ ਗੁਰਮੇਲ ਸਿੰਘ ਫੱਤੇਵਾਲਾ, ਧਰਮ ਸਿੰਘ ਸਿੱਧੂ, ਬਲਜਿੰਦਰ ਸਿੰਘ ਤਲਵੰਡੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੀ ਪਹਿਲਾਂ ਰਹਿ ਚੁੱਕੀਆਂ ਸਰਕਾਰਾਂ ਵਾਂਗ ਹੀ ਹੁਣ ਤੱਕ ਫ਼ੇਲ੍ਹ ਸਾਬਤ ਹੋਈ ਹੈ ਤੇ ਸਿਰਫ਼ ਖ਼ਬਰਾਂ ਰਾਹੀਂ ਹੀ ਡੈਮਾਂ ਦੇ ਵਧੀਆ ਪ੍ਰਬੰਧ ਕਰਨ, ਬੰਨ੍ਹਾਂ ਦੀ ਮੁਰੰਮਤ ਕਰਨ, ਨਵੀਆਂ ਨੋਚਾਂ ਬਣਾਉਣ ਤੇ ਪਾਣੀਆਂ ਦੇ ਰੋਕਥਾਮ ਦੇ ਪ੍ਰਬੰਧਾਂ ਦੇ ਬਿਆਨ ਦੇ ਰਹੀ ਹੈ, ਜਦ ਕਿ ਜ਼ਮੀਨੀ ਪੱਧਰ 'ਤੇ ਹਕੀਕਤ ਵਿਚ ਕੋਈ ਵੀ ਕੰਮ ਨਹੀਂ ਹੋਇਆ | ਆਗੂਆਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਹੁਣ ਵੀ ਹੜ੍ਹਾਂ ਵਿਚ ਫਸੇ ਲੋਕਾਂ ਲਈ ਰੈਸਕਿਊ (ਰਾਹਤ) ਦਾ ਕੰਮ ਕਿਸਾਨ ਮਜ਼ਦੂਰ ਜਥੇਬੰਦੀਆਂ, ਸਿੱਖ ਸੰਸਥਾਵਾਂ, ਫੈਡਰੇਸ਼ਨਾਂ, ਸਮਾਜ ਸੇਵੀ ਸੰਸਥਾਵਾਂ, ਪੱਤਰਕਾਰ ਭਾਈਚਾਰਾ ਤੇ ਆਮ ਲੋਕ ਘਰਾਂ 'ਚੋਂ ਨਿਕਲ ਕੇ ਨੌਜਵਾਨ ਵੱਡੀ ਪੱਧਰ 'ਤੇ ਪਸ਼ੂਆਂ ਦੇ ਚਾਰੇ, ਦਵਾਈਆਂ ਦਾ ਪ੍ਰਬੰਧ ਕਰ ਰਹੇ ਹਨ ਤੇ ਸਰਕਾਰ ਦੇ ਨੁਮਾਇੰਦੇ ਸਿਰਫ਼ ਫ਼ੋਟੋਆਂ ਪਾਉਣ ਤੱਕ ਹੀ ਸੀਮਤ ਹਨ | ਆਗੂ ਰਣਜੀਤ ਸਿੰਘ ਖੱਚਰਵਾਲਾ, ਅਮਨਦੀਪ ਸਿੰਘ ਕੱਚਰਭੰਨ, ਸੁਰਜੀਤ ਸਿੰਘ ਫੌਜ਼ੀ, ਨਰਿੰਦਰਪਾਲ ਸਿੰਘ ਜਤਾਲਾ ਨੇ ਅੱਗੇ ਕਿਹਾ ਕਿ ਪਾਣੀ ਕਾਰਨ ਜ਼ਮੀਨਾਂ ਬਹੁਤ ਵੱਡੀ ਪੱਧਰ ਖ਼ਰਾਬ ਹੋ ਗਈਆਂ ਹਨ ਤੇ ਜ਼ਮੀਨਾਂ ਵਿਚੋਂ ਰੇਤਾ ਵੇਚਣ ਦਾ ਹੱਕ ਕਿਸਾਨਾਂ, ਮਜ਼ਦੂਰਾਂ ਨੂੰ ਹੀ ਦਿੱਤਾ ਜਾਵੇ ਤੇ ਦਰਿਆਵਾਂ ਵਿਚਲੀਆਂ ਜ਼ਮੀਨਾਂ ਨੂੰ 10 ਏਕੜ ਚੌੜਾਈ ਤੱਕ ਸਰਕਾਰ ਐਕਵਾਇਰ ਕਰਕੇ ਜ਼ਮੀਨਾਂ ਦੇ ਮਾਲਕਾਂ ਨੂੰ ਪੈਸੇ ਦੇਵੇ ਤੇ ਉਸ ਦੇ ਦੋਵੇਂ ਕਿਨਾਰਿਆਂ 'ਤੇ ਵੱਡੇ ਬੰਨ੍ਹ ਬਣਾ ਕੇ ਨਹਿਰੀ ਰੂਪ ਦਿੱਤਾ ਜਾਵੇ |
ਪਿਛਲੀ ਖ਼ਬਰ ਹੜ੍ਹਾਂ ਲਈ ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਜ਼ਿੰਮੇਵਾਰ-ਸਿਮਰਨਜੀਤ ਸਿੰਘ ਮਾਨ ਅਗਲੀ ਖ਼ਬਰ ਪੰਜਾਬ ਤੇ ਕੇਂਦਰ ਸਰਕਾਰ ਦੀ ਬਦਨੀਤੀ ਦਾ ਸ਼ਿਕਾਰ ਹੋ ਰਹੇ ਹੜ੍ਹ ਪੀੜਤ-ਕਰਨੈਲ ਸਿੰਘ ਪੀਰ ਮੁਹੰਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।