ਕੁੱਲਗੜ੍ਹੀ, 20 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ਕੁੱਲਗੜ੍ਹੀ ਦੇ ਅਧੀਨ ਪਿੰਡ ਸਾਂਦੇ ਹਾਸ਼ਮ ਨਜ਼ਦੀਕੀ ਵਾਪਰੇ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਤੇ ਉਸਦੀ ਧੀ ਦੇ ਸੱਟਾਂ ਲੱਗੀਆਂ | ਥਾਣਾ ਕੁੱਲਗੜ੍ਹੀ ਦੇ ਸਬ-ਇੰਸਪੈਕਟਰ ਪ੍ਰਵੀਨ ਕੁਮਾਰ ਨੂੰ ਮੁੱਦਈ ਸੁਖਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਦੁਲਚੀ ਕੇ ਨੇ ਬਿਆਨਾਂ 'ਚ ਦੱਸਿਆ ਕਿ ਉਹ ਆਪਣੇ ਚਾਚਾ ਬਲਕਾਰ ਸਿੰਘ ਪੁੱਤਰ ਬਘੇਲ ਸਿੰਘ ਵਾਸੀ ਹਾਕੇ ਵਾਲਾ ਨਾਲ ਆਪਣੇ ਮੋਟਰਸਾਈਕਲ ਤੇ ਉਸਦੀ ਲੜਕੀ ਮਨਦੀਪ ਕੌਰ ਤੇ ਪਤਨੀ ਨਿਰਮਲ ਕÏਰ ਬੈਟਰੀ ਵਾਲੀ ਸਕੂਟਰੀ 'ਤੇ ਸਵਾਰ ਹੋ ਗੁਰਦੁਆਰਾ ਸਾਹਿਬ ਜਮੀਤਪੁਰ ਢੇਰੂ ਤੋਂ ਮੱਥਾ ਟੇਕ ਕੇ ਵਾਪਸ ਘਰ ਨੂੰ ਆ ਰਹੇ ਸਨ | ਪਿੰਡ ਸਾਂਦੇ ਹਾਸ਼ਮ ਦੀ ਤਿਕੋਣੀ ਤੋਂ ਕੱਚਾ ਜ਼ੀਰਾ ਵਾਲੀ ਸੜਕ ਵੱਲ ਮੁੜੇ ਤਾਂ ਜ਼ੀਰੇ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਆ ਰਹੀ ਮਹਿੰਦਰਾ ਪਿਕਅਪ ਗੱਡੀ ਜਿਸ ਦਾ ਨੰਬਰ ਪੀ.ਬੀ 08 ਐਫ.ਜੇ 0649 ਨੇ ਪਿੱਛੋਂ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਲੜਕੀ ਮਨਦੀਪ ਕੌਰ ਸਕੂਟਰੀ ਸਮੇਤ ਸੜਕ ਕਿਨਾਰੇ ਡਿਗ ਗਈ ਜਿਸਦੇ ਮਾਮੂਲੀ ਸੱਟਾਂ ਲੱਗੀਆਂ | ਉਸ ਦੀ ਪਤਨੀ ਨਿਰਮਲ ਕੌਰ ਦੇ ਸਿਰ ਉਪਰ ਦੀ ਗੱਡੀ ਦਾ ਟਾਇਰ ਨਿਕਲ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ | ਇਹਨਾਂ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਹੋਇਆ ਥਾਣਾ ਕੁੱਲਗੜ੍ਹੀ ਵਿਖੇ ਗੱਡੀ ਦੇ ਡਰਾਈਵਰ ਰਾਮ ਲਾਲ ਪੁੱਤਰ ਰੂਪ ਲਾਲ ਵਾਸੀ ਗੁਰਬਚਨ ਨਗਰ ਨੇੜੇ ਵੇਰਕਾ ਪਲਾਂਟ ਜਲੰਧਰ ਦੇ ਖ਼ਿਲਾਫ਼ ਮੁਕੱਦਮਾ ਦਰਜ਼ ਕੀਤਾ ਹੈ | ਪੁਲਿਸ ਵਲੋਂ ਹੋਰ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |