ਮਮਦੋਟ, 20 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਪਿਛਲੇ ਦਿਨੀਂ ਹੋਈਆਂ ਬਾਰਸ਼ਾਂ ਤਾੋ ਬਾਅਦ ਸੜਕਾਂ ਕਿਨਾਰੇ ਉੱਗੀਆਂ ਝਾੜੀਆਂ ਤੇ ਬੂਟੀਆਂ ਇੰਨੀਆਂ ਵਧ ਗਈਆਂ ਹਨ ਕਿ ਇਹਨਾਂ ਨੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ਦੇ ਬਾਹਰਲੇ ਕਿਨਾਰਿਆਂ ਨਾਲ ਦੋ ਪਹੀਆ ਵਾਹਨਾਂ ਲਈ ਬਣੀਆਂ ਲੇਨਾਂ ਨੂੰ ਪੂਰੀ ਤਰ੍ਹਾਂ ਢੱਕ ਲਿਆ ਹੈ, ਜਿਸ ਕਾਰਨ ਰਾਹਗੀਰਾਂ ਖ਼ਾਸਕਰ ਦੋ ਪਹੀਆ ਵਾਹਨਾਂ 'ਤੇ ਸਫ਼ਰ ਕਰਨ ਵਾਲਿਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਰਮਾਂ ਤੋ ਅੱਗੇ ਪੱਕੀ ਸੜਕ 'ਤੇ ਪੰਜ-ਸੱਤ ਫੁੱਟ ਅੰਦਰ ਤੱਕ ਵਧੀਆ ਝਾੜੀਆਂ ਤੇ ਦਰਖਤਾਂ ਦੀਆਂ ਟਾਹਣੀਆਂ, ਦੋ ਪਹੀਆ ਵਾਹਨਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਮੁਸੀਬਤ ਬਣ ਗਈਆਂ ਹਨ, ਜੇਕਰ ਲੋਕ ਵਾਹਨ ਕਿਨਾਰੇ 'ਤੇ ਚਲਾਉਂਦੇ ਹਨ ਤਾਂ ਝਾੜੀਆਂ ਤੇ ਟਾਹਣੀਆਂ ਲੱਤਾਂ, ਕੱਪੜਿਆਂ ਅਤੇ ਪੱਗਾਂ ਨਾਲ ਟਕਰਾ ਕੇ ਜ਼ਖਮੀ ਕਰ ਦਿੰਦੀਆਂ ਹਨ, ਜੇਕਰ ਵਾਹਨ ਝਾੜੀਆਂ ਤੋ ਦੂਰ ਰੱਖਦੇ ਹਨ ਤਾਂ ਸੜਕ ਤੋਂ ਹੀ ਲੰਘ ਰਹੇ ਚਾਰ ਪਹੀਆਂ ਵਾਹਨਾਂ ਨਾਲ ਟਕਰਾਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਸੜਕ ਕਿਨਾਰੇ ਉੱਗੀਆਂ ਝਾੜੀਆਂ ਤੇ ਦਰਖਤਾਂ ਦੀਆਂ ਵਧੀਆਂ ਟਾਹਣੀਆਂ ਦੀ ਕੱਟ-ਛਾਂਟ ਲਈ ਲੋਕ ਨਿਰਮਾਣ ਵਿਭਾਗ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਰਾਹਗੀਰ ਕਾਫ਼ੀ ਪਰੇਸ਼ਾਨ ਹਨ | ਪਹਿਲਾਂ ਇਹ ਮਾਰਗ ਟੋਲ ਕੰਪਨੀ ਅਧੀਨ ਸੀ, ਜਿਨ੍ਹਾਂ ਵਲੋਂ ਇਹਨਾਂ ਦਿਨਾਂ ਵਿਚ ਥੋੜ੍ਹੀ ਬਹੁਤ ਸਾਫ਼ ਸਫ਼ਾਈ ਕਰਵਾ ਦਿੱਤੀ ਜਾਂਦੀ ਸੀ ਪਰ ਹੁਣ ਕਰੀਬ ਇਕ ਸਾਲ ਤੋਂ ਇਹ ਮਾਰਗ ਟੋਲ ਮੁਕਤ ਹੋ ਗਿਆ ਹੈ, ਉਸ ਵਕਤ ਤੋਂ ਹੀ ਸੜਕੀ ਵਿਭਾਗ ਵਲੋਂ ਇਸ ਮਾਰਗ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ, ਆਖ਼ਰਕਾਰ ਰਾਹਗੀਰਾਂ ਨੂੰ ਪਰੇਸ਼ਾਨੀਆਂ ਤੋ ਰਾਹਤ ਦਿਵਾਉਣ ਲਈ ਪਿੰਡ ਹਾਮਦ ਦੇ ਨੌਜਵਾਨਾਂ ਨੇ ਝਾੜ-ਬੂਟੀਆਂ ਦੀ ਸਫ਼ਾਈ ਲਈ ਆਪ ਮੋਰਚਾ ਸੰਭਾਲ ਕੇ ਹੰਬਲਾ ਮਾਰਨਾ ਸ਼ੁਰੂ ਕਰ ਦਿੱਤਾ ਹੈ | ਅੱਜ ਸਵੇਰ ਤੋਂ ਪਿੰਡ ਹਾਮਦ ਦੇ ਕਾਰਗਿਲ ਸ਼ਹੀਦ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸ਼ਰਨ ਸਿੰਘ, ਸਰਪੰਚ ਮਨਜਿੰਦਰ ਸਿੰਘ, ਜਗਦੀਪ ਸਿੰਘ, ਲਵਪ੍ਰੀਤ ਸਿੰਘ, ਸਤਨਾਮ ਸਿੰਘ, ਉਪਿੰਦਰ ਸਿੰਘ, ਹਰਸਿਮਰਨ ਸਿੰਘ, ਨਿਸ਼ਾਨ ਸਿੰਘ, ਸਿਮਰਨ ਸਿੰਘ ਸਮੇਤ ਹੋਰ ਹਿੰਮਤੀ ਨੌਜਵਾਨ ਸੜਕ ਦੇ ਕਿਨਾਰਿਆਂ ਤੋ ਝਾੜ-ਬੂਟ ਤੇ ਰਾਹਗੀਰਾਂ ਨੂੰ ਵੱਜ ਰਹੇ ਦਰਖਤਾਂ ਦੀਆਂ ਟਾਹਣੀਆਂ ਦੀ ਕੱਟ-ਛਾਂਟ ਕਰਨ ਵਿਚ ਜੁਟੇ ਹੋਏ ਹਨ | ਇਹਨਾਂ ਨੌਜਵਾਨਾਂ ਨੇ ਇਲਾਕੇ ਦੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਜਾਂ ਸੜਕੀ ਵਿਭਾਗ ਤੋਂ ਉਮੀਦ ਛੱਡ ਕੇ ਸਾਨੂੰ ਆਪਣੇ ਪੱਧਰ 'ਤੇ ਹੀ ਸੜਕਾਂ ਦੇ ਕਿਨਾਰਿਆਂ ਦੀ ਸਫ਼ਾਈ ਕਰਨੀ ਪਵੇਗੀ, ਉਨ੍ਹਾਂ ਵਲੋਂ ਸੜਕ ਦੇ ਨਾਲ ਲੱਗਦੇ ਪਿੰਡਾਂ ਦੇ ਨੌਜਵਾਨਾਂ ਨੂੰ ਇਸ ਕੰਮ ਵਿਚ ਜੁਟ ਜਾਣ ਦੀ ਅਪੀਲ ਕੀਤੀ ਗਈ ਹੈ |