ਮਮਦੋਟ, 20 ਸਤੰਬਰ (ਸੁਖਦੇਵ ਸਿੰਘ ਸੰਗਮ)- ਗੁਰਦੁਆਰਾ ਠਾਠ ਨਾਨਕਸਰ ਸਾਹਿਬ ਛਾਂਗਾ ਖ਼ੁਰਦ (ਮਮਦੋਟ) ਵਿਖੇ ਧੰਨ ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਬਰਸੀ ਸੰਬੰਧੀ ਸਾਲਾਨਾ ਧਾਰਮਿਕ ਸਮਾਗਮ ਤੇ ਜਪ ਤਪ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਨਾਨਕਸਰ ਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਦੌਰਾਨ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਸੰਤ ਬਲਵਿੰਦਰ ਸਿੰਘ ਕੁਰਾਲੀ ਵਾਲੇ, ਰਾਗੀ ਭਾਈ ਅਮਨਦੀਪ ਸਿੰਘ ਗੁਰਦੁਆਰਾ ਮਾਤਾ ਕੌਲਾਂ ਸ੍ਰੀ ਅੰਮਿ੍ਤਸਰ ਸਾਹਿਬ, ਭਾਈ ਤੇਜਿੰਦਰ ਸਿੰਘ ਜਿੰਦੂ ਨਾਨਕਸਰ ਕਲੇਰਾਂ ਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਅਰਜਨ ਸਮੇਤ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਜਥਿਆਂ ਨੇ ਹਾਜ਼ਰੀ ਲਗਵਾਈ ਤੇ ਗੁਰਬਾਣੀ ਕਥਾ, ਕੀਰਤਨ ਸੁਣਾ ਕੇ ਇਲਾਕੇ ਭਰ ਤੋਂ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਬਾਬਾ ਸੁੱਚਾ ਸਿੰਘ ਨੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਤੇ ਅੰਮਿ੍ਤ ਪਾਨ ਕਰਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ | ਸਮਾਗਮ ਵਿਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਤੇ ਭਾਈ ਜਸਪਾਲ ਸਿੰਘ ਕੌਮੀ ਸੀਨੀਅਰ ਮੀਤ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਵਲੋਂ ਨਤਮਸਤਕ ਹੁੰਦੇ ਹੋਏ ਸੰਤ ਬਾਬਾ ਸੁੱਚਾ ਸਿੰਘ ਤੋਂ ਅਸ਼ੀਰਵਾਦ ਲਿਆ | ਇਸ ਮੌਕੇ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਤਰਸੇਮ ਸਿੰਘ ਸੋਨੂੰ ਮਮਦੋਟ, ਸ਼ਾਮ ਸਿੰਘ ਮੁਦਕਾ ਮਲਵਾਲ, ਮਨਦੀਪ ਸਿੰਘ ਸਰਪੰਚ ਪਿਆਰੇਆਣਾਂ, ਅਜਮੇਰ ਸਿੰਘ ਸਰਪੰਚ ਮੁਰਕਵਾਲਾ, ਡਾ. ਰਣਜੀਤ ਸਿੰਘ ਸਰਪੰਚ ਤਰਾਂਵਾਲਾ, ਹਰਿੰਦਰਪਾਲ ਸਿੰਘ ਰੋਬੀ ਸੰਧੂ ਸਮੇਤ ਇਲਾਕੇ ਭਰ ਦੀਆਂ ਅਹਿਮ ਸ਼ਖ਼ਸੀਅਤਾਂ ਵਲੋਂ ਹਾਜ਼ਰੀ ਲਗਵਾਈ ਗਈ |