19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ਼ਰਧਾ 'ਤੇ ਭਾਰੀ ਪਿਆ ਲਾਲਚ, ਮਾਤਾ ਨਹਿਰਾਂ ਵਾਲੀ ਦੇ ਮੰਦਰ 'ਚੋਂ ਚੋਰੀ ਹੋਇਆ ਚਾਂਦੀ ਦਾ ਸਾਮਾਨ <br/>

ਅਜੀਤ ਡੈਸਕ 21-09-2025
ਮਮਦੋਟ, 20 ਸਤੰਬਰ (ਸੁਖਦੇਵ ਸਿੰਘ ਸੰਗਮ)- ਅਜੋਕੇ ਦੌਰ ਵਿਚ ਇਨਸਾਨ ਦਾ ਲਾਲਚ ਇੰਨਾ ਵਧ ਗਿਆ ਹੈ ਕਿ ਧਾਰਮਿਕ ਸਥਾਨਾਂ ਤੋਂ ਚੋਰੀ ਕੀਤਾ ਗਿਆ ਸਾਮਾਨ ਸਸਤੇ ਭਾਅ ਵਿਚ ਮਿਲਦਾ ਹੋਣ ਕਾਰਨ ਬਿਨਾਂ ਕਿਸੇ ਡਰ ਭੈਅ ਤੋਂ ਖ਼ਰੀਦਿਆ ਜਾਣ ਲੱਗਾ ਹੈ | ਮਾਮਲਾ ਕਸਬਾ ਮਮਦੋਟ ਨਾਲ ਸਬੰਧਿਤ ਹੈ | ਕਸਬੇ ਦੇ ਮੰਦਰ ਮਾਤਾ ਨਹਿਰਾਂ ਵਾਲੀ ਤੋਂ ਇਕ ਪਿੰਡ ਦੇ ਚੋਰ ਵਲੋਂ ਦਿਨ ਦਿਹਾੜੇ ਪਹਿਲੀ ਚੋਰੀ ਲੰਘੀ 17 ਸਤੰਬਰ ਨੂੰ ਅੰਜਾਮ ਦਿੱਤੀ ਗਈ ਤੇ ਮੰਦਰ ਵਿਚ ਸਥਾਪਤ ਮਾਤਾ ਦੀ ਮੂਰਤੀ ਦੀਆਂ ਚਾਂਦੀ ਦੀਆਂ ਖੜਾਵਾਂ ਚੋਰੀ ਕਰ ਲਈਆਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਟਨਾ ਦੀ ਮੰਦਰ ਕਮੇਟੀ ਤੇ ਸ਼ਰਧਾਲੂਆਂ ਵਿਚੋਂ ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ ਤੇ ਚੋਰ ਨੇ ਕੁੱਝ ਦਿਨ ਬਾਅਦ ਫਿਰ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਮਾਤਾ ਦਾ ਚਾਂਦੀ ਦਾ ਛਤਰ ਵਜ਼ਨ ਕਰੀਬ ਦੋ ਕਿੱਲੋ ਵੀ ਚੋਰੀ ਕਰ ਲਿਆ | ਦੱਸਿਆ ਗਿਆ ਹੈ ਕਿ ਜਦੋਂ ਇਹ ਵਾਰਦਾਤ ਹੋਈ ਉਸ ਵਕਤ ਮੰਦਰ ਕਮੇਟੀ ਦੇ ਕੁੱਝ ਮੈਂਬਰ ਤੇ ਸ਼ਰਧਾਲੂ ਮੰਦਰ ਵਿਚ ਮੌਜੂਦ ਸਨ ਪਰ ਫਿਰ ਵੀ ਚੋਰ ਨੇ ਬੜੀ ਸਫ਼ਾਈ ਨਾਲ ਵਾਰਦਾਤ ਕੀਤੀ ਤੇ ਮੌਕੇ ਤੋਂ ਰਫੂਚੱਕਰ ਹੋ ਗਿਆ | ਇਨ੍ਹਾਂ ਚੋਰੀਆਂ ਦਾ ਪਤਾ ਲੱਗਣ 'ਤੇ ਕਮੇਟੀ ਮੈਂਬਰਾਂ ਵਲੋਂ ਮੰਦਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀਡੀਓ ਵੇਖੀ ਗਈ ਜਿਸ ਤੋਂ ਚੋਰ ਦੀ ਪਛਾਣ ਕਰਕੇ ਥਾਣਾ ਮਮਦੋਟ ਵਿਖੇ ਸੂਚਨਾ ਦਿੱਤੀ ਗਈ ਜਿਸ 'ਤੇ ਪੁਲਿਸ ਵਲੋਂ ਉਕਤ ਚੋਰ ਜੋ ਮਮਦੋਟ ਦੇ ਪਿੰਡ ਮੁਰਕਵਾਲਾ ਦਾ ਦੱਸਿਆ ਜਾ ਰਿਹਾ ਹੈ, ਨੂੰ ਕਾਬੂ ਕਰਨ ਉਪਰੰਤ ਉਸ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਚੋਰੀ ਕੀਤਾ ਗਿਆ ਮੰਦਰ ਦਾ ਸਾਮਾਨ ਕਸਬਾ ਮਮਦੋਟ ਦੇ ਮੁੱਖ ਬਾਜ਼ਾਰ ਵਿਚ ਕੰਮ ਕਰਦੇ ਦੋ ਅਲੱਗ ਅਲੱਗ ਸੁਨਿਆਰਿਆਂ ਨੂੰ ਸਸਤੇ ਭਾਅ ਵਿਚ ਵੇਚ ਦਿੱਤਾ ਹੈ | ਸੂਤਰ ਦੱਸਦੇ ਹਨ ਕਿ ਪੁਲਿਸ ਵਲੋਂ ਉਕਤ ਸੁਨਿਆਰਿਆਂ ਨੂੰ ਵੀ ਥਾਣੇ ਬੁਲਾਇਆ ਗਿਆ ਸੀ ਜਿੰਨਾ ਵਲੋਂ ਚਾਂਦੀ ਖ਼ਰੀਦਣ ਦੀ ਗੱਲ ਕਬੂਲ ਵੀ ਕਰ ਲਈ ਗਈ ਸੀ ਪਰ ਖ਼ਬਰ ਲਿਖੇ ਜਾਣ ਤੱਕ ਮੰਦਰ ਕਮੇਟੀ, ਸੁਨਿਆਰਾਂ ਤੇ ਚੋਰ ਵਿਚਾਲੇ ਸਮਝੌਤਾ ਹੋਣ ਦੀਆਂ ਚਰਚਾਵਾਂ ਹਨ | ਇਸ ਸਾਰੀ ਵਾਰਦਾਤ ਨੂੰ ਲੈ ਕੇ ਜਿੱਥੇ ਮਾਤਾ ਦੇ ਦਰਬਾਰ ਵਿਚ ਅਥਾਹ ਸ਼ਰਧਾ ਰੱਖਣ ਵਾਲੇ ਸਮੁੱਚੇ ਮਮਦੋਟ ਇਲਾਕੇ ਦੇ ਲੋਕਾਂ ਵਿਚ ਗ਼ੁੱਸੇ ਦੀ ਲਹਿਰ ਹੈ ਉੱਥੇ ਕਮੇਟੀ ਵਲੋਂ ਰਾਜ਼ੀਨਾਮਾ ਕਰਨ ਤੇ ਚੋਰੀ ਦੇ ਮਾਮਲੇ ਵਿਚ ਸ਼ਾਮਲ ਤਿੰਨੋ ਧਿਰਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਵਾਉਣ ਦੀਆਂ ਮਿਲ ਰਹੀਆਂ ਕਨਸੋਆਂ ਕਾਰਨ ਕਮੇਟੀ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹੇ ਕੀਤੇ ਜਾਣ ਲੱਗੇ ਹਨ | ਲੋਕਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਵਾਰਦਾਤ ਵਿਚ ਹੋਰ ਕਿੰਨੇ ਲੋਕ ਸ਼ਾਮਲ ਹਨ ਕਿਉਂਕਿ ਇਸ ਵੱਡੀ ਘਟਨਾ ਨੂੰ ਅੰਜਾਮ ਦੇਣਾ ਕਿਸੇ ਇਕੱਲੇ ਸ਼ਖ਼ਸ ਦਾ ਕੰਮ ਨਹੀਂ ਲੱਗਦਾ | ਇਸ ਸੰਬੰਧੀ ਥਾਣਾ ਮੁਖੀ ਮਮਦੋਟ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਚੋਰੀ ਹੋਏ ਸਾਮਾਨ ਦੀ ਕੀਮਤ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਬਣਦੀ ਦੱਸੀ ਗਈ ਹੈ |

ਪਿਛਲੀ ਖ਼ਬਰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਵੈਰੜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਗੁਰਦੁਆਰਾ ਠਾਠ ਨਾਨਕਸਰ ਛਾਂਗਾ ਖ਼ੁਰਦ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।