ਕੋਟਫੱਤਾ, 30 ਅਗਸਤ (ਰਣਜੀਤ ਸਿੰਘ ਬੁੱਟਰ)-ਬਠਿੰਡਾ ਦੇ ਨਜ਼ਦੀਕ ਪਿੰਡ ਗੁਲਾਬਗੜ੍ਹ ਦੇ ਵਾਸੀਆਂ ਨੇ ਪਿੰਡ ਦੇ ਦੋਵੇਂ ਕਲੱਬਾਂ ਦੇ ਸਹਿਯੋਗ ਨਾਲ ਪਿੰਡ ਦੇ ਸਾਰੇ ਘਰਾਂ ਵਿਚੋਂ ਹੜ੍ਹ ਪ੍ਰਭਾਵਿਤ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਸਨੀਕਾਂ ਲਈ ਰਸਦ ਇਕੱਠੀ ਕੀਤੀ | ਇਸ ਰਸਦ ਵਿਚ ਆਟਾ, ਦਾਲਾਂ, ਖੰਡ, ਚਾਹ ਪੱਤੀ, ਬਿਸਕੱੁਟ ਤੇ ਮੈਡੀਕਲ ਕਿੱਟਾਂ ਵੀ ਸ਼ਾਮਿਲ ਹਨ | ਇਸ ਤੋਂ ਇਲਾਵਾ ਪਸ਼ੂਆਂ ਲਈ ਹਰਾ ਚਾਰਾ ਤੇ ਦਵਾਈਆਂ ਵਗੈਰਾ ਵੀ ਭੇਜੀਆਂ ਗਈਆਂ | ਇਹ ਸਾਰੀ ਰਸਦ ਦੋ ਟਰਾਲਿਆਂ ਵਿਚ ਲਿਜਾਈ ਜਾ ਰਹੀ ਹੈ, ਜਿਨ੍ਹਾਂ ਨੂੰ ਰਵਾਨਾ ਕਰਨ ਸਮੇਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਸੁਖਚੈਨ ਸਿੰਘ ਨੇ ਅਰਦਾਸ ਕੀਤੀ ਤੇ ਸਰਬੱਤ ਦਾ ਭਲਾ ਮੰਗਿਆ | ਇਸ ਮੌਕੇ ਪਿੰਡ ਦੇ ਨੌਜਵਾਨ ਸਰਪੰਚ, ਸਮੂਹ ਪੰਚਾਇਤ ਮੈਂਬਰ ਅਤੇ ਕਲੱਬਾਂ ਦੇ ਸਮੂਹ ਨੌਜਵਾਨ ਹਾਜ਼ਰ ਸਨ |