ਬਠਿੰਡਾ, 20 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਦੀ ਚੱਲ ਰਹੀ ਚੋਣ ਪ੍ਰਕਿਰਿਆ ਤਹਿਤ ਕਾਂਗਰਸ ਹਾਈਕਮਾਂਡ ਵਲੋਂ ਨਿਯੁਕਤ ਕੀਤੇ ਗਏ ਅਬਜ਼ਰਵਰ ਸ੍ਰੀਮਤੀ ਮਮਤਾ ਭੁਪੇਸ਼ (ਸਾਬਕਾ ਮੰਤਰੀ ਰਾਜਸਥਾਨ) ਵਲੋਂ ਸਥਾਨਕ ਬੀੜ ਰਿੰਗ ਰੋਡ ਨਜ਼ਦੀਕ ਸਥਿਤ ਇਕ ਪੈਲੇਸ ਵਿਚ ਬਠਿੰਡਾ ਦਿਹਾਤੀ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨਵੇਂ ਚੁਣੇ ਜਾਣ ਵਾਲੇ ਜ਼ਿਲ੍ਹਾ ਪ੍ਰਧਾਨ ਸਬੰਧੀ ਵਰਕਰਾਂ ਦੀ ਰੈਅ ਜਾਣੀ ਤੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਵਰਕਰਾਂ ਦੀ ਰੈਅ ਅਨੁਸਾਰ ਹੀ ਨਵੇਂ ਜ਼ਿਲੇ੍ਹ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ | ਇਹ ਚੋਣ ਬਿਲਕੁਲ ਪਾਰਦਰਸ਼ੀ ਹੋਵੇਗੀ ਤੇ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ | ਇਸ ਮੌਕੇ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ, ਅਵਤਾਰ ਸਿੰਘ ਗੋਨਿਆਣਾ ਕੋਆਰਡੀਨੇਟਰ ਹਲਕਾ ਮਾਨਸਾ, ਡਾ. ਜੀਵਨਜੋਤ ਕੌਰ ਭੱਟੀ, ਬਲਾਕ ਪ੍ਰਧਾਨ ਮਨਜੀਤ ਸਿੰਘ ਸਰਪੰਚ ਬੁਲਾਡੇਵਾਲਾ, ਜ਼ਿਲ੍ਹਾ ਉੱਪ-ਪ੍ਰਧਾਨ ਕਿਰਨਦੀਪ ਕੌਰ ਵਿਰਕ, ਜਗਜੀਤ ਸਿੰਘ ਰਾਏਕੇ ਕਲਾਂ ਬਲਾਕ ਪ੍ਰਧਾਨ ਸੰਗਤ, ਡੈਲੀਗੇਟ ਜਵਾਹਰ ਸਿੰਘ ਨੰਦਗੜ੍ਹ ਤੇ ਸਾਬਕਾ ਸਰਪੰਚ ਜਗਤਾਰ ਸਿੰਘ ਪਥਰਾਲਾ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਅਬਜ਼ਰਵਰ ਦਾ ਭਰਵਾਂ ਸਵਾਗਤ ਕੀਤਾ | ਸਰਪੰਚ ਮਨਜੀਤ ਸਿੰਘ ਨੇ ਮੀਟਿੰਗ 'ਚ ਪੁੱਜੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ |