ਬਠਿੰਡਾ, 20 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਸਰਕਾਰੀ ਸਕੂਲਾਂ ਅੰਦਰ ਇਕੋ ਸਮੇਂ ਕਰਵਾਈਆਂ ਜਾ ਰਹੀਆਂ ਸਕੂਲੀ ਖੇਡਾਂ, ਸਤੰਬਰ ਮਹੀਨੇ ਦੇ ਇਮਤਿਹਾਨ ਤੇ ਵੋਟਾਂ ਦੀ ਸੁਧਾਈ ਲਈ ਅਧਿਆਪਕਾਂ ਦੀਆਂ ਬਤੌਰ ਬੀ.ਐਲ.ਓ. ਲਗਾਈਆਂ ਡਿਊਟੀਆਂ ਕਾਰਨ ਸਕੂਲਾਂ ਦਾ ਵਿੱਦਿਅਕ ਮਾਹੌਲ ਵਿਗੜਿਆ ਹੋਇਆ ਤੇ ਇਸ ਨੂੰ ਡੈਮੋਕਰੈਟਿਕ ਟੀਚਰ ਫ਼ਰੰਟ ਬਠਿੰਡਾ ਨੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਦੀ ਘਾਟ ਦੱਸਿਆ ਹੈ | ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ, ਸਕੱਤਰ ਜਸਵਿੰਦਰ ਸਿੰਘ, ਸੀਨੀਅਰ ਉੱਪ-ਪ੍ਰਧਾਨ ਬਲਜਿੰਦਰ ਸਿੰਘ ਤੇ ਉੱਪ-ਪ੍ਰਧਾਨ ਵਿਕਾਸ ਗਰਗ ਨੇ ਕਿਹਾ ਕਿ ਸਕੂਲਾਂ 'ਚ ਸੈਂਟਰ ਪੱਧਰੀ ਖੇਡਾਂ, ਜੋਨ ਮੁਕਾਬਲੇ ਤੇ ਸਤੰਬਰ ਇਮਤਿਹਾਨ ਇਕੋ ਸਮੇਂ ਨਾਲੋ-ਨਾਲ ਚੱਲ ਰਹੇ ਹਨ, ਜਿਸ ਨਾਲ ਵਿਦਿਆਰਥੀ ਪਰੇਸ਼ਾਨ ਹਨ ਕਿ ਉਹ ਖੇਡਾਂ ਦੀ ਤਿਆਰੀ ਕਰਨ ਜਾਂ ਇਮਤਿਹਾਨਾਂ ਦੀ | ਇਸ ਤੋਂ ਇਲਾਵਾ ਸੈਂਕੜੇ ਅਧਿਆਪਕਾਂ ਨੂੰ ਨਾਲ ਹੀ ਬੀਐਲਓ ਦੀਆਂ ਡਿਊਟੀਆਂ ਦੇ ਕੇ ਤੁਰੰਤ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਨਾਲ ਉਹ ਅਧਿਆਪਕ ਵੀ ਪ੍ਰੇਸ਼ਾਨ ਹਨ ਜਦਕਿ ਪਹਿਲਾਂ ਹੀ ਮੀਹ ਤੇ ਹੜ੍ਹਾਂ ਕਾਰਨ ਸਕੂਲਾਂ 'ਚ ਛੁੱਟੀਆਂ ਹੋਣ ਕਰਕੇ ਬੱਚਿਆਂ ਦੀ ਪੜ੍ਹਾਈ ਪੱਛੜੀ ਹੋਈ ਹੈ, ਜਿਸ ਲਈ ਸਿੱਖਿਆ ਵਿਭਾਗ ਨੂੰ ਖੇਡਾਂ, ਇਮਤਿਹਾਨ ਤੇ ਬੀਐਲਓ ਡਿਊਟੀਆਂ ਇਕੋ ਸਮੇਂ ਕਰਵਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ | ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਖੇਡਾਂ 'ਚ ਰੁੱਝੇ ਹੋਣ ਕਰਕੇ ਸਤੰਬਰ ਇਮਤਿਹਾਨ ਖੇਡਾਂ ਤੋਂ ਬਾਅਦ ਲਏ ਜਾਣ ਤੇ ਬੀਐਲਓ ਡਿਊਟੀਆਂ ਬੰਦ ਕੀਤੀਆਂ ਜਾਣ, ਨਹੀਂ ਤਾਂ ਜਥੇਬੰਦੀ ਡਟਵਾਂ ਵਿਰੋਧ ਕਰੇਗੀ | ਇਸ ਮੌਕੇ ਵਿੱਤ ਸਕੱਤਰ ਅਨਿਲ ਭੱਟ, ਪ੍ਰੈੱਸ ਸਕੱਤਰ ਗੁਰਪ੍ਰੀਤ ਖੇਮੂਆਣਾ, ਸਹਾਇਕ ਸਕੱਤਰ ਕੁਲਵਿੰਦਰ ਵਿਰਕ, ਬਲਜਿੰਦਰ ਕੌਰ, ਰਣਦੀਪ ਕੌਰ ਖ਼ਾਲਸਾ, ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਜਲਾਲ, ਭੋਲਾ ਤਲਵੰਡੀ, ਬਲਕਰਨ ਸਿੰਘ ਕੋਟਸ਼ਮੀਰ, ਭੁਪਿੰਦਰ ਸਿੰਘ ਮਾਈਸਰਖਾਨਾ, ਅਸ਼ਵਨੀ ਡੱਬਵਾਲੀ ਆਦਿ ਮੌਜੂਦ ਸਨ |