22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਿੰਡ ਭੋਖੜਾ ਖੁਰਦ ਦੀ ਸਰਪੰਚ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਅਤੇ ਗ਼ਰੀਬ ਮਜ਼ਦੂਰਾਂ ਦੇ ਨਾਲ ਠੱਗੀ ਮਾਰੀ-ਸੁਖਪਾਲ ਖਿਆਲੀ ਵਾਲਾ

ਅਜੀਤ ਡੈਸਕ 21-09-2025
ਗੋਨਿਆਣਾ, 20 ਸਤੰਬਰ (ਲਛਮਣ ਦਾਸ ਗਰਗ)-ਅੱਜ ਨਜ਼ਦੀਕੀ ਪਿੰਡ ਭੋਖੜਾ ਖੁਰਦ ਵਿਖੇ ਮਜ਼ਦੂਰਾਂ ਦੀ ਮੀਟਿੰਗ ਸੁਖਪਾਲ ਸਿੰਘ ਖਿਆਲੀ ਵਾਲਾ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚੇ ਦੇ ਸੂਬਾਈ ਆਗੂ ਅਤੇ ਪੰਚਾਇਤ ਮੈਂਬਰ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਵਿਸ਼ੇਸ਼ ਤੌਰ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਵੀ ਸ਼ਾਮਲ ਹੋਏ | ਇਸ ਮੌਕੇ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਕਿਹਾ ਕਿ ਪਿੰਡ ਭੋਖੜਾ ਖੁਰਦ ਦੀ ਸਰਪੰਚ ਗੁਰਮੀਤ ਕੌਰ ਵਲੋਂ ਗਰੀਬ ਮਜ਼ਦੂਰਾਂ ਕੋਲੋਂ ਇਹ ਕਹਿ ਕਿ ਪੈਸੇ ਲਏ ਸਨ ਕਿ ਮੈਂ ਤੁਹਾਡੇ ਕੱਟੇ ਹੋਏ ਰਾਸ਼ਨ ਕਾਰਡ ਤੇ ਬੀ ਪੀ ਐਲ ਦੇ ਕਾਰਡ ਬਣਵਾ ਕੇ ਦੇਵਾਂਗੀ ਅਤੇ ਨਾਲ ਇਹ ਵੀ ਲਾਰਾ ਲਾਇਆ ਕਿ ਤੁਹਾਨੂੰ ਬੈਂਕ ਤੋਂ ਕਰਜ਼ਾ ਵੀ ਦਿਵਾ ਦੇਵੇਗੀ, ਕਈ ਮਹੀਨੇ ਬੀਤ ਗਏ, ਮਜ਼ਦੂਰਾਂ ਦੇ ਨਾ ਕਾਰਡ ਬਣੇ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ | ਇਸ ਸਬੰਧੀ 11 ਸਤਬੰਰ ਨੂੰ ਉਕਤ ਪਿੰਡ ਦੀ ਸਰਪੰਚ ਖਿਲਾਫ਼ ਉੱਚ ਅਧਿਕਾਰੀਆਂ ਤੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ ਪਰ ਹਾਲੇ ਤੱਕ ਸਰਪੰਚ ਉਪਰ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ | ਆਗੂ ਨੇ ਅੱਗੇ ਕਿਹਾ ਕਿ ਸਾਨੂੰ ਲੱਗਦਾ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਹੈ, ਇਸ ਕਰਕੇ ਸਰਪੰਚ ਉਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ | ਜਦੋਂਕਿ ਪੀੜ੍ਹਤ ਲੋਕਾਂ ਨੇ ਆਪਣੇ ਕਾਰਡ ਬਣਾਉਣ ਲਈ ਕਰਜ਼ੇ ਚੁੱਕੇ, ਆਪਣੇ ਘਰ ਦਾ ਸਮਾਨ ਤੱਕ ਗਹਿਣੇ ਕਰਕੇ ਸਰਪੰਚ ਨੂੰ ਪੈਸਿਆਂ ਦਾ ਭੁਗਤਾਨ ਕੀਤਾ ਹੈ | ਪ੍ਰਸ਼ਾਸਨ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ | ਸਰਪੰਚ ਨੇ ਗਰੀਬ ਮਜ਼ਦੂਰਾਂ ਨਾਲ ਵਿਸ਼ਵਾਸਘਾਤ ਕੀਤਾ ਹੈ | ਮਜ਼ਦੂਰਾਂ ਤੋ ਪੈਸੇ ਲੈ ਕੇ ਠੱਗੀ ਮਾਰ ਕੇ ਪਿੰਡ ਭੋਖੜਾ ਦੇ ਮੱਥੇ 'ਤੇ ਕਲੰਕ ਲਗਾਇਆ ਹੈ | ਇਸ ਦੌਰਾਨ ਜਸਵਿੰਦਰ ਕੌਰ ਪੰਚ ਭੋਖੜਾ ਖੁਰਦ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਭਿ੍ਸ਼ਟਾਚਾਰ ਖਿਲਾਫ਼ ਵੱਡੇ ਵੱਡੇ ਦਮਗਜ਼ੇ ਮਾਰਦੀ ਹੈ ਅਤੇ ਦੂਜੇ ਪਾਸੇ ਸਰਕਾਰ ਦੀ ਹੀ ਸਰਪੰਚ ਵਲੋਂ ਲੋਕਾਂ ਨਾਲ ਭਿ੍ਸ਼ਟਾਚਾਰ ਕੀਤਾ ਜਾਂਦਾ ਹੈ ਤਾਂ ਪ੍ਰਸ਼ਾਸਨ ਅਤੇ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ | ਉਕਤ ਸਰਪੰਚ ਖ਼ਿਲਾਫ਼ ਕਾਨੁੰਨੀ ਕਾਰਵਾਈ ਕਰਵਾਉਣ ਲਈ 23 ਸਤਬੰਰ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਜਾਵੇਗਾ | ਉਕਤ ਦੋਨੋਂ ਆਗੂਆਂ ਨੇ ਕਿਹਾ ਕਿ ਅਗਰ ਜੇਕਰ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਹਰਬੰਸ ਕੌਰ, ਜਸਕਰਨ, ਗੁਰਦੀਪ ਸਿੰਘ ਖਾਲਸਾ, ਸੁਖਜਿੰਦਰ ਸਿੰਘ, ਰੌਸ਼ਨ ਸਿੰਘ, ਰਾਜਾ ਸਿੰਘ ਤੋਂ ਇਲਾਵਾ ਅਨੇਕਾਂ ਪੀੜ੍ਹਤ ਪਰਿਵਾਰ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਫੈਂਸਿੰਗ ਖੇਡ ਦੇ ਜ਼ਿਲ੍ਹਾ ਜੇਤੂ ਖਿਡਾਰੀਆਂ ਦਾ ਸਨਮਾਨ ਅਗਲੀ ਖ਼ਬਰ ਵਿਦੇਸ਼ ਲਈ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।